- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
5 ਤੇ 6 ਨਵੰਬਰ ਨੂੰ ਪੁਸਤਕ ਪ੍ਰਦਰਸ਼ਨੀਆਂ ਦੇ ਨਾਲ ਨਾਲ ਵਿਦਿਆਰਥੀ ਪੇਸ਼ ਕਰਨਗੇ ਸੱਭਿਆਚਾਰਕ ਪ੍ਰੋਗਰਾਮ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਵਿਕਾਸ ਮੰਚ ਹਰਿਆਣਾ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 5 ਅਤੇ 6 ਨਵੰਬਰ ਨੂੰ ਕਰਵਾਏ ਜਾ ਰਹੇ ਦਸਵੇਂ ਪੁਸਤਕ ਮੇਲੇ ਅਤੇ ਵਿਰਾਸਤੀ ਉਤਸਵ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬੀ ਮਾਹ ਸਮਾਗਮਾਂ ਦੀ ਲੜੀ ਤਹਿਤ ਇਹ ਮੇਲਾ ਸ਼੍ਰੀ ਗੁਰੂ ਨਾਨਕ ਦੇਵ ਕਾਲਜ ਆਫ਼ ਐਜੂਕੇਸ਼ਨ ਡੱਲੇਵਾਲ, ਨੇੜੇ ਹਰਿਆਣਾ ਵਿਖੇ ਲਗਾਇਆ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਇੰਜੀਨੀਅਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਵੱਲੋਂ ਵੱਖ-ਵੱਖ ਭਾਸ਼ਾਵਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿੱਥੇ ਪਾਠਕਾਂ ਨੂੰ ਸਸਤੀਆਂ ਦਰਾਂ ’ਤੇ ਕਿਤਾਬਾਂ ਮਿਲਣਗੀਆਂ। ਦੋਵੇਂ ਦਿਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲ ਸਬੰਧਤ ਕਲਾਤਮਕ ਪੇਸ਼ਕਾਰੀਆਂ ਕਰਨਗੇ। ਪ੍ਰਿੰਸੀਪਲ ਡਾ. ਧੀਰਜ ਕੁਮਾਰ, ਹਰਮੇਲ ਸਿੰਘ ਖੱਖ ਅਤੇ ਵਰਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸਿੱਖਿਆ, ਭਾਸ਼ਾ ਅਤੇ ਸਾਹਿਤ ਖੇਤਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਵੀ ਪਹੁੰਚਣਗੀਆਂ। ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਅਤੇ ਵਿਦਿਅਕ ਸੰਸਥਾਵਾਂ ਨੂੰ ਮੇਲੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।