ਸਰਪੰਚ ਘਰੋਂ ਚੋਰਾਂ ਉਡਾਈ ਨਕਦੀ ਤੇ ਕੀਮਤੀ ਸਾਮਾਨ ਅਮਰੀਕਾ ਗਏ ਸਾਬਕਾ ਸਰਪੰਚ ਘਰੋਂ ਚੋਰਾਂ ਉਡਾਈ ਨਕਦੀ ਅਤੇ ਕੀਮਤੀ ਸਾਮਾਨ
Publish Date: Mon, 12 Oct 2026 04:25 PM (IST)
Updated Date: Tue, 13 Oct 2026 04:03 AM (IST)
ਸੀਸੀਟੀਵੀ ਕੈਮਰਿਆਂ ’ਚ ਕੈਦ ਹੋਏ ਦੋ ਸ਼ੱਕੀ ਵਿਅਕਤੀ, ਫੁਟੇਜ ਦੇ ਆਧਾਰ ’ਤੇ ਪੁਲਿਸ ਕਰ ਰਹੀ ਜਾਂਚ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਫਿਰੋਜ਼ ਰੌਲੀਆ ਵਿਖੇ ਚੋਰਾਂ ਨੇ ਇਕ ਸਾਬਕਾ ਸਰਪੰਚ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ’ਚੋਂ ਨਕਦੀ, ਕੀਮਤੀ ਸਾਮਾਨ, ਕੱਪੜੇ ਅਤੇ ਬਰਤਨ ਚੋਰੀ ਕਰ ਲਏ। ਵਾਰਦਾਤ ਸਮੇਂ ਮਕਾਨ ਮਾਲਕ ਸਾਬਕਾ ਸਰਪੰਚ ਜਰਨੈਲ ਸਿੰਘ ਪੁੱਤਰ ਦਰਬਾਰਾ ਸਿੰਘ ਆਪਣੇ ਪਰਿਵਾਰ ਨੂੰ ਮਿਲਣ ਲਈ ਅਮਰੀਕਾ ਗਏ ਹੋਏ ਹਨ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਵਿਦੇਸ਼ ਜਾਣ ਤੋਂ ਪਹਿਲਾਂ ਘਰ ਦੀਆਂ ਚਾਬੀਆਂ ਪਿੰਡ ਦੇ ਤਰਸੇਮ ਸਿੰਘ ਕੋਲ ਦੇ ਗਏ ਸਨ। ਸੋਮਵਾਰ ਸਵੇਰੇ ਜਦੋਂ ਤਰਸੇਮ ਸਿੰਘ ਘਰ ਦੀ ਸਫ਼ਾਈ ਕਰਨ ਲਈ ਜਰਨੈਲ ਸਿੰਘ ਦੇ ਘਰ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ੋਨ ਰਾਹੀਂ ਅਮਰੀਕਾ ਵਿੱਚ ਰਹਿ ਰਹੇ ਜਰਨੈਲ ਸਿੰਘ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚਣ ’ਤੇ ਸਾਹਮਣੇ ਆਇਆ ਕਿ ਦੋ ਅਣਪਛਾਤੇ ਵਿਅਕਤੀ ਕਥਿਤ ਤੌਰ ’ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਤਰਸੇਮ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਚੋਰ ਘਰ ’ਚੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਕੀਮਤੀ ਸਾਮਾਨ, ਕੱਪੜੇ ਤੇ ਬਰਤਨ ਚੋਰੀ ਕਰ ਕੇ ਲੈ ਗਏ। ਚੋਰੀ ਕਾਰਨ ਹੋਏ ਕੁੱਲ ਨੁਕਸਾਨ ਦਾ ਸਹੀ ਅੰਦਾਜ਼ਾ ਜਰਨੈਲ ਸਿੰਘ ਦੇ ਅਮਰੀਕਾ ਤੋਂ ਵਾਪਸ ਆਉਣ ਤੇ ਘਰ ’ਚ ਪਏ ਸਾਮਾਨ ਦੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।