ਚੋਰਾਂ ਦੇ ਹੌਸਲੇ ਬੁਲੰਦ : ਇੱਕੋ ਰਾਤ 'ਚ ਤਿੰਨ ਸਕੂਲ ਬਣਾਏ ਨਿਸ਼ਾਨਾ ਚੋਰਾਂ ਦੇ ਹੌਸਲੇ ਬੁਲੰਦ: ਇੱਕੋ ਰਾਤ 'ਚ ਤਿੰਨ ਸਕੂਲਾਂ ਨੂੰ ਬਣਾਇਆ ਨਿਸ਼ਾਨਾ
Publish Date: Mon, 05 Oct 2026 03:50 PM (IST)
Updated Date: Tue, 06 Oct 2026 04:02 AM (IST)
ਐੱਲ.ਈ.ਡੀ., ਰਾਸ਼ਨ ਤੇ ਵਾਟਰ ਕੂਲਰ ਚੋਰੀ ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਇਲਾਕੇ ਵਿੱਚ ਚੋਰਾਂ ਦੇ ਹੌਸਲੇ ਦਿਨੋ-ਦਿਨ ਇਸ ਕਦਰ ਬੁਲੰਦ ਹੁੰਦੇ ਜਾ ਰਹੇ ਹਨ ਕਿ ਹੁਣ ਉਹ ਵਿਦਿਆ ਦੇ ਮੰਦਰਾਂ ਨੂੰ ਵੀ ਬਖ਼ਸ਼ ਨਹੀਂ ਰਹੇ। ਤਾਜ਼ਾ ਮਾਮਲੇ ਵਿੱਚ ਅਣਪਛਾਤੇ ਚੋਰਾਂ ਨੇ ਇਕੋ-ਰਾਤ ਦੌਰਾਨ ਪਿੰਡ ਦੌਲਤਪੁਰ ਗਿੱਲਾਂ ਅਤੇ ਚੱਕ ਲੱਦੀਆਂ ਦੇ ਸਰਕਾਰੀ ਸਕੂਲਾਂ ਸਮੇਤ ਤਿੰਨ ਸਕੂਲਾਂ ਦੇ ਤਾਲੇ ਤੋੜ ਕੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਕਰਨੈਲ ਸਿੰਘ ਅਤੇ ਚੱਕ ਲੱਦੀਆਂ ਸਕੂਲ ਦੇ ਅਧਿਆਪਕ ਲਖਬੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਚੱਕ ਲੱਦੀਆਂ ਦੇ ਸਕੂਲ ਵਿੱਚੋਂ 43 ਇੰਚ ਦੀ ਐੱਲ.ਈ.ਡੀ. ਅਤੇ 3 ਕੁਇੰਟਲ ਚਾਵਲ ਤੇ ਕਣਕ ਚੋਰੀ ਕਰ ਲਈ। ਇਸੇ ਤਰ੍ਹਾਂ ਇੱਥੋਂ ਦੇ ਪ੍ਰਾਇਮਰੀ ਸਕੂਲ ਵਿੱਚੋਂ ਚੋਰ ਵਾਟਰ ਕੂਲਰ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਦੂਜੇ ਪਾਸੇ ਪਿੰਡ ਦੌਲਤਪੁਰ ਗਿੱਲਾਂ ਦੇ ਸਰਕਾਰੀ ਸਕੂਲ ਵਿੱਚ ਚੋਰਾਂ ਨੇ ਬੜੀ ਸ਼ਾਤਰਾਨਾ ਚਾਲ ਚੱਲਦਿਆਂ ਪਹਿਲਾਂ ਸਕੂਲ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਮੂੰਹ ਉੱਪਰ ਵੱਲ ਕਰ ਦਿੱਤਾ। ਇਸ ਤੋਂ ਬਾਅਦ ਸਕੂਲ ਦੇ ਜਿੰਦੇ ਤੋੜ ਕੇ ਅੰਦਰ ਪਈ ਸਾਢੇ ਤਿੰਨ ਕੁਇੰਟਲ ਕਣਕ ਅਤੇ ਸਾਢੇ ਤਿੰਨ ਕੁਇੰਟਲ ਚੌਲ ਚੋਰੀ ਕਰ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭੂੰਗਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਕੂਲ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਜਾਵੇ।