ਭਤੀਜਾ ਹੀ ਨਿਕਲਿਆ ਚਾਚੀ ਦਾ ਕਾਤਲ
ਭਤੀਜਾ ਹੀ ਨਿਕਲਿਆ ਚਾਚੀ ਦਾ ਕਾਤਲ
Publish Date: Mon, 23 Feb 2026 05:02 PM (IST)
Updated Date: Tue, 24 Feb 2026 04:04 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਪਿਛਲੇ ਦਿਨੀਂ ਗੜਸ਼ੰਕਰ ਦੇ ਬੀਤ ਖੇਤਰ ਵਿੱਚ ਹੋਏ ਇੱਕ ਔਰਤ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਉਪ ਪੁਲਿਸ ਕਪਤਾਨ ਸਬ ਡਵੀਜ਼ਨ ਗੜਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਬੀਤ ਖੇਤਰ ਦੇ ਪਿੰਡ ਮਹਿੰਦਵਾਣੀ ਵਿੱਚ ਹੋਏ ਔਰਤ ਦੇ ਕਤਲ ਸਬੰਧੀ ਉਸ ਦੇ ਜੇਠ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਰਕੇਸ਼ ਕੁਮਾਰ ਪੁੱਤਰ ਸਵਰਗਵਾਸੀ ਰੋਸ਼ਨ ਲਾਲ ਵਾਸੀ ਮਹਿੰਦਵਾਣੀ ਥਾਣਾ ਗੜ੍ਹਸ਼ੰਕਰ ਨੂੰ ਸ਼ਾਹਪੁਰ ਘਾਟੇ ਤੋਂ ਐਤਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਸੋਮਵਾਰ ਅਦਾਲਤ ਵਿੱਚ ਪੇਸ਼ ਕਰ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਾਸੋਂ 32 ਬੋਰ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ ਅਤੇ ਇੱਕ ਦਾਤਰ ਸਮੇਤ ਇੱਕ ਪਲਟੀਨਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 7 ਫਰਵਰੀ 2026 ਨੂੰ ਰਚਨਾ (60) ਪਤਨੀ ਸ਼ਾਮ ਲਾਲ ਵਾਸੀ ਮਹਿੰਦਵਾਣੀ ਦਾ ਮਹਾਰਾਜ ਭੂਰੀ ਵਾਲੇ ਕੁਟੀਆ ਤੋਂ ਸਵੇਰੇ 5.30 ਵਜੇ ਮੱਥਾ ਟੇਕ ਕੇ ਵਾਪਸ ਆਉਂਦਿਆਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਤਫਤੀਸ਼ ਆਰੰਭ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਰੈਡੀਮੇਡ ਕੱਪੜੇ ਦੀ ਦੁਕਾਨ ਪਿੰਡ ਗੌਂਦਪੁਰ ਹਿਮਾਚਲ ਪ੍ਰਦੇਸ਼ ਵਿੱਚ ਕਰਦਾ ਸੀ। ਉਸ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਜਿਸ ਦਾ ਉਸਨੂੰ ਪੂਰਾ ਸ਼ੱਕ ਸੀ ਕਿ ਉਸ ਦੀ ਚਾਚੀ ਰਚਨਾ ਨੇ ਉਸਦੇ ਘਰ ਕਾਲਾ ਜਾਦੂ ਟੂਣਾ ਕੀਤਾ ਹੈ ਜਿਸ ਕਰ ਕੇ ਉਸਦੇ ਪਿਤਾ ਦੀ ਮੌਤ ਹੋਈ ਹੈ ਤੇ ਉਸਦੇ ਕੱਪੜੇ ਦੀ ਦੁਕਾਨ ਵੀ ਨਹੀਂ ਚੱਲ ਰਹੀ ਸੀ। ਉਸਨੇ ਆਪਣੀ ਚਾਚੀ ਨੂੰ ਜਾਨ ਤੋਂ ਮਾਰਨ ਦੀ ਵਿਉਂਤ ਬਣਾਈ। ਇਸ ਤੋਂ ਪਹਿਲਾਂ ਉਸਨੇ ਦੋ ਵਾਰ ਪਹਿਲਾਂ ਵੀ ਚਾਚੀ ਨੂੰ ਮਾਰਨਾ ਚਾਹਿਆ ਪਰ ਮਾਰ ਨਹੀਂ ਸਕਿਆ। ਫਿਰ ਉਸਨੇ ਆਪਣੀ ਨਿੱਜੀ ਕਾਰ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੋ ਦਿਨ ਪਹਿਲਾਂ ਸਹੁਰੇ ਪਿੰਡ ਮੈਲੀ ਛੱਡ ਦਿੱਤਾ ਤੇ ਕਾਰ ਖਰਾਬ ਹੋਣ ਦਾ ਬਹਾਨਾ ਬਣਾ ਕੇ ਪਿੰਡ ਗੋਂਦਪੁਰ ਦੇ ਇੱਕ ਢਾਬੇ ਦੇ ਮਾਲਕ ਕਰਮਚੰਦ ਪੁੱਤਰ ਪ੍ਰੇਮ ਚੰਦ ਵਾਸੀ ਬਖਲੋਰ ਖੱਡ ਥਾਣਾ ਨੂਰਪੁਰ ਬੇਦੀ ਕੋਲ ਕਾਰ ਛੱਡ ਕੇ ਉਸ ਦਾ ਮੋਟਰਸਾਈਕਲ ਮੰਗ ਕੇ ਆਪਣੇ ਘਰ ਆ ਗਿਆ। ਅਗਲੇ ਦਿਨ ਉਸ ਨੇ ਤੜਕਸਾਰ ਮੂੰਹ ਬੰਨ ਕੇ ਕੁਟੀਆ ਵਾਲੇ ਰਸਤੇ ਤੇ ਪੈਦਲ ਆ ਰਹੀ ਆਪਣੀ ਚਾਚੀ ਰਚਨਾ ਤੇ ਪਿਸਤੌਲ ਤਾਣ ਕੇ ਤਿੰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ। ਉਸ ਨੇ ਆਪਣਾ ਮੋਬਾਈਲ ਫੋਨ ਪਹਿਲਾਂ ਹੀ ਬੰਦ ਕੀਤਾ ਹੋਇਆ ਸੀ। ਪੁਲਿਸ ਵੱਲੋਂ ਮੁਲਜ਼ਮ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।