ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਲਾਸ਼ ਸੜਕ ’ਤੇ ਸੁੱਟੀ ਭਵਾਨੀਪੁਰ ਮਜਾਰੀ ਦੇ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ
Publish Date: Thu, 16 Jul 2026 06:53 PM (IST)
Updated Date: Thu, 16 Jul 2026 06:55 PM (IST)
ਅਸ਼ਵਨੀ ਸ਼ਰਮਾ,ਦਲਵਿੰਦਰ ਮਨੋਚਾ ਪੰਜਾਬੀ ਜਾਗਰਣ, ਬੀਣੇਵਾਲ ਬੀਤ, ਗੜ੍ਹਸ਼ੰਕਰ : ਅੱਜ ਅੱਡਾ ਝੁੰਗੀਆਂ ਵਿਖੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਗੱਡੀ ਸਵਾਰ ਵਿਅਕਤੀ ਇਕ ਨੌਜਵਾਨ ਨੂੰ ਚੁੱਕ ਕੇ ਲੈ ਗਏ ਤੇ ਕਤਲ ਤੋਂ ਬਾਅਦ ਉਸ ਦੀ ਲਾਸ਼ ਅੱਡਾ ਝੁੰਗੀਆਂ ਵਿਚ ਸੁੱਟ ਕੇ ਫ਼ਰਾਰ ਹੋ ਗਏ। ਗੜ੍ਹਸ਼ੰਕਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਸਬੰਧਤ ਦੱਸਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਿਹਰ ਕਰੀਬ 12 ਵਜੇ ਤੱਕ ਮਨਜੀਤ ਸਿੰਘ ਉਰਫ ਗਨੀ (27 ਸਾਲ) ਪੁੱਤਰ ਦਿਲਬਾਗ ਸਿੰਘ ਨਿਵਾਸੀ ਭਵਾਨੀਪੁਰ ਮਜਾਰੀ ਆਪਣੇ ਇਕ ਹੋਰ ਦੋਸਤ ਸੂਰਜ ਨਿਵਾਸੀ ਅਚਲਪੁਰ ਨਾਲ ਪੈਟਰੋਲ ਪੰਪ ਨੇੜੇ ਸੜਕ ਦੇ ਕੰਢੇ ਖੜ੍ਹਾ ਸੀ। ਇੰਨੇ ਨੂੰ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀਬੀ 65 ਏਜੀ/9400, ਜਿਸ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਰੀਬ ਅੱਧਾ ਦਰਜਨ ਨੌਜਵਾਨ ਸਵਾਰ ਸਨ ਆਏ ਤੇ ਗਨੀ ਨੂੰ ਜ਼ਬਰਦਸਤੀ ਗੱਡੀ ਵਿੱਚ ਸੁੱਟ ਕੇ ਝੁੰਗੀਆਂ ਅੱਡੇ ਵੱਲ ਨੂੰ ਲੈ ਗਏ। ਕਰੀਬ ਦੋ ਘੰਟਿਆਂ ਬਾਅਦ ਉਕਤ ਨੌਜਵਾਨ ਗਨੀ ਨੂੰ ਜ਼ਖਮੀ ਹਾਲਤ ਵਿੱਚ ਅੱਡਾ ਝੁੰਗੀਆਂ ਦੇ ਬੀਣੇਵਾਲ ਮੇਨ ਰੋਡ ’ਤੇ ਸੁੱਟ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਣ ’ਤੇ ਗਨੀ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ, ਜਿੱਥੇ ਪਹੁੰਚਣ ਤੋਂ ਪਹਿਲਾ ਹੀ ਰਸਤੇ ਵਿੱਚ ਉਸ ਨੇ ਦਮ ਤੋੜ ਦਿੱਤਾ। ਡਾਕਟਰਾਂ ਨੇ ਮ੍ਰਿਤਕ ਦੇ ਸਿਰ ਤੇ ਖੱਬੇ ਪਾਸੇ ਕੰਨ ਦੇ ਕੋਲ ਤੇ ਦੋਵਾਂ ਲੱਤਾਂ ’ਤੇ ਸੱਟਾਂ ਦੇ ਨਿਸ਼ਾਨਾਂ ਦੀ ਪੁਸ਼ਟੀ ਕੀਤੀ। ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਗੋਲੀਆਂ ਵੀ ਮਾਰੀਆਂ ਵੀ ਗਈਆਂ ਹਨ ਪਰ ਗੋਲੀਆਂ ਲੱਗਣ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਸਾਰੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਆਉਣ ’ਤੇ ਹੀ ਮਿਲੇਗੀ। ਘਟਨਾ ਦਾ ਕਾਰਣ ਪੁਰਾਣੀ ਰੰਜਿਸ਼ ਦੱਸਿਆ ਜਾਂਦਾ ਹੈ। ਦੱਸਿਆ ਜਾ ਰਿਹ ਹੈ ਕਿ ਗਨੀ ਕੁਝ ਮਹੀਨੇ ਪਹਿਲਾਂ ਹੀ ਕੁੱਟਮਾਰ ਦੇ ਇੱਕ ਮਾਮਲੇ ਵਿੱਚ ਜੇਲ੍ਹ ਗਿਆ ਸੀ ਤੇ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਮੌਕੇ ’ਤੇ ਪਹੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਉਂਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਪੁਲਿਸ ਕਾਤਲਾਂ ਨੂੰ ਕਾਬੂ ਕਰ ਲਵੇਗੀ।