ਪਿੰਡ ਬਾੜੀਆਂ ਕਲਾਂ ’ਚ ਧਰਨਾ ਜਾਰੀ ਪਿੰਡ ਬਾੜੀਆਂ ਕਲਾਂ ’ਚ ਧਰਨਾ ਦੂਜੇ ਦਿਨ ਵੀ ਜਾਰੀ
Publish Date: Wed, 16 Sep 2026 06:49 PM (IST)
Updated Date: Wed, 16 Sep 2026 06:50 PM (IST)
ਦੀਪਕ ਅਗਨੀਹੋਤਰੀ/ਸਤਨਾਮ ਲੋਈ, ਪੰਜਾਬੀ ਜਾਗਰਣ ਹੁਸ਼ਿਆਰਪੁਰ/ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਵਿਖੇ ਬੀਤੇ ਦਿਨ ਲੱਗੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਰਾਤ ਸਮੇਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕਰਨ ’ਤੇ ਐੱਸਸੀ ਸਮਾਜ ਵੱਲੋਂ ਲਗਾਇਆ ਗਿਆ ਸ਼ਾਂਤੀਪੂਰਨ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਜਾਣਕਾਰੀ ਅਨੁਸਾਰ ਬਾੜੀਆਂ ਕਲਾਂ ਵਿਖੇ ਬੀਤੇ ਦਿਨੀਂ ਲੱਗੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਰਾਤ ਸਮੇਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕਰਨ ’ਤੇ ਬਸਪਾ ਆਗੂ ਸਰਪੰਚ ਬੀਬੀ ਮਨਜੀਤ ਕੌਰ, ਆਵਾਜ ਪੰਜਾਬ ਦੇ ਸਕੱਤਰ ਪਲਵਿੰਦਰ ਸਿੰਘ ਦੁਸਾਂਝ, ਪਲਵਿੰਦਰ ਮਾਨਾ ਹਲਕਾ ਇੰਚਾਰਜ ਚੱਬੇਵਾਲ, ਅਮਨਦੀਪ ਸਿੰਘ ਸਿੱਧੂ, ਦਵਿੰਦਰ ਸਿੰਘ ਬਾਹੋਵਾਲ, ਹਰਭਜਨ ਖਲਵਾੜਾ, ਹਰਮੇਸ਼ ਲਾਲ, ਰਾਕੇਸ਼ ਕਿੱਟੀ, ਸਮੇਤ ਹੋਰ ਬਸਪਾ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਹਾਜ਼ਰ ਹੋਏ ਬਸਪਾ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਤੇ ਵਿਧਾਇਕ ਡਾ ਨਛੱਤਰਪਾਲ ਉੱਥੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਪੰਜਾਬ ਲਗਭਗ 13 ਜਗ੍ਹਾ ’ਤੇ ਬੇਅਦਬੀ ਹੋ ਚੁੱਕੀ, ਜਿਸ ’ਤੇ ਸਰਕਾਰਾਂ ਕੁਝ ਨਹੀਂ ਸਕੀਆਂ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀਆਂ ਬੇਅਦਬੀਆਂ ਕਰਵਾਉਣਾ ਸਰਕਾਰਾਂ ਦੀ ਮਿਲੀਭੁਗਤ ਹੈ ਤੇ ਪਾਰਟੀਆਂ ਨੂੰ ਆਪਸ ’ਚ ਲੜਾ ਕੇ ਤਮਾਸ਼ਾ ਦੇਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਸਪਾ ਕਦੇ ਭਾਜਪਾ ਦੇ ਧਰਨੇ ’ਚ ਨਹੀਂ ਗਏ ਤੇ ਉਨ੍ਹਾਂ ਨੂੰ ਵੀ ਬਸਪਾ ਦੇ ਧਰਨਿਆਂ ਤੋਂ ਗੁਰੇਜ ਕਰਨਾ ਚਾਹੀਦਾ ਸੀ। ਇਸ ਮੌਕੇ ਵਿਜੇ ਵਿਜੇ ਸਾਂਪਲਾ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਸਾਰੀਆਂ ਪਾਰਟੀਆਂ ਦਾ ਮਾਣ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜ਼ਿਲ੍ਹੇ ਵਿਚ ਤੀਜੀ ਬੇਅਦਬੀ ਹੈ ਅਤੇ ਚੋਣਾਂ ਨਜ਼ਦੀਕ ਹੋਣ ਕਾਰਨ ਸੱਤਾਧਰੀ ਪਾਰਟੀ ਜਾਣਬੁੱਝ ਕੇ ਅਜਿਹੀਆਂ ਹਰਕਤਾਂ ਕਰ ਰਹੀ ਹੈ। ਡਾ. ਨਛੱਤਰਪਾਲ ਨੇ ਕਿਹਾ ਕਿ ਬਾਬਾ ਸਾਹਿਬ ਦੀ ਬੇਅਦਬੀ ਸਭ ਲਈ ਦਿਲ ਤੋੜਵੀਂ ਘਟਨੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਕਥਿਤ ਦੋਸ਼ੀਆਂ ਨੂੰ ਕਾਬੂ ਕਰੇ ਨਹੀਂ ਤਾਂ ਸੰਘਰਸ਼ ਤੇਜ਼ ਹੋਵੇਗਾ। ਇਸ ਮੌਕੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਕਾਬੂ ਕਰਨ ਤੱਕ ਧਰਨਾ ਰੋਜ਼ਾਨਾ ਜਾਰੀ ਰੱਖ਼ਣ ਦਾ ਫ਼ੈਸਲਾ ਕੀਤਾ ਗਿਆ। ਇਸ ਮਾਮਲੇ ਦੇ ਹੱਲ ਤੱਕ ਲਈ 11 ਮੈਂਬਰੀ ਕਮੇਟੀ ਵੀ ਬਣਾਈ ਗਈ ਜਿਹੜੀ ਸਟੇਜ ਸੰਚਾਲਨ ਤਕ ਦਾ ਕੰਮਕਾਜ ਦੇਖ਼ੇਗੀ। ਇਸ ਕਮੇਟੀ ਵਿਚ ਪਿੰਡ ਬਾੜੀਆਂ ਕਲਾਂ ਦੀ ਸਾਰੀ ਪੰਚਾਇਤ ਸਮੇਤ ਦੋ ਮੈਂਬਰ ਹੋਰ ਪਾਏ ਗਏ। ਇਸ ਮੌਕੇ ਧਰਨੇ ’ਚ ਕਿਸਾਨ ਆਗੂ ਤਲਵਿੰਦਰ ਹੀਰ, ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਅਕਾਲੀ ਦਲ ਚੱਬੇਵਾਲ, ਜੱਸੀ ਤੱਲਣ, ਡਾ. ਕੁਲਵੰਤ ਚੱਬੇਵਾਲ ਸਮੇਤ ਵੱਡੀ ਗਿਣਤੀ ਵਿੱਚ ਦਲਿਤ ਜਥੇਬੰਦੀਆਂ ਦੇ ਆਗੂ ਅਤੇ ਬਸਪਾ ਵਰਕਰ ਵੀ ਹਾਜ਼ਰ ਸਨ।