ਪੱਤਰਕਾਰ ਮਨਜਿੰਦਰ ਪੇਂਸਰਾ ’ਤੇ ਜਾਨਲੇਵਾ ਹਮਲਾ, ਕੀਤੇ 10 ਵਾਰ
ਪੱਤਰਕਾਰ ਮਨਜਿੰਦਰ ਪੇਂਸਰਾ ’ਤੇ ਜਾਨਲੇਵਾ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਕੀਤੇ 10 ਵਾਰ
Publish Date: Wed, 04 Nov 2026 05:18 PM (IST)
Updated Date: Wed, 04 Nov 2026 05:20 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਪਿੰਡ ਪੇਂਸਰਾ ਨੇੜੇ ਪੱਤਰਕਾਰ ਮਨਜਿੰਦਰ ਕੁਮਾਰ ਪੇਂਸਰਾ ’ਤੇ ਪੰਜ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਪਹਿਲਾਂ ਕਾਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਸੜਕ ’ਤੇ ਸੁੱਟਿਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪੀੜਤ ਨੇ ਹਮਲਾਵਰਾਂ ਵੱਲੋਂ ਪਿਸਤੌਲ ਨਾਲ ਫਾਇਰ ਕਰਨ ਦਾ ਦੋਸ਼ ਵੀ ਲਗਾਇਆ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਮਨਜਿੰਦਰ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਲੜਕੀ ਨੂੰ ਬੱਸ ਅੱਡੇ ਛੱਡ ਕੇ ਵਾਪਸ ਆ ਰਿਹਾ ਸੀ, ਜਦੋਂ ਪਿੰਡ ਦੇ ਰੂਹਾਨੀ ਸਤਿਸੰਗ ਕੇਂਦਰ ਨੇੜੇ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਸਵਾਰ ਚਾਰ-ਪੰਜ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਪਹੁੰਚਾਇਆ। ਡਾਕਟਰ ਹਰਸਿਮਰਨ ਅਨੁਸਾਰ ਉਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਰੀਬ 10 ਡੂੰਘੇ ਜ਼ਖ਼ਮ ਹਨ ਅਤੇ ਇਲਾਜ ਜਾਰੀ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।