ਚੋਰੀ ਦੀ ਲੱਕੜ ਦੀਆਂ ਭਰੀਆਂ ਦੋ ਗੱਡੀਆਂ ਸਮੇਤ ਸੱਤ ਕਾਬੂ ਖ਼ੈਰ ਦੇ ਦਰਖ਼ਤ ਚੋਰੀ ਕਰਕੇ ਭੱਜਿਆਂ ਦਾ ਫਿਲਮੀ ਸਟਾਇਲ ਪਿੱਛਾ
Publish Date: Mon, 19 Oct 2026 03:55 PM (IST)
Updated Date: Mon, 19 Oct 2026 03:57 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਬੀਤੀ ਰਾਤ ਹੁਸ਼ਿਆਰਪੁਰ ਦੇ ਪਿੰਡ ਖ਼ੜਕਾਂ ਦੇ ਜੰਗਲਾਤ ਖ਼ੇਤਰ ਵਿੱਚੋਂ ਖ਼ੈਰ ਅਤੇ ਹੋਰ ਹਰੇ ਦਰਖ਼ਤ ਵੱਢੇ ਕੇ ਚੋਰੀ ਕਰਕੇ ਭੱਜੇ ਵਿਅਕਤੀਆਂ ਨੂੰ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਫਿਲਮੀ ਸਟਾਈਲ ਵਿਚ ਪਿੱਛਾ ਕੇ ਹੁਸ਼ਿਆਰਪੁਰ ਚੰਡੀਗੜ੍ਹ ਰੋਡ ’ਤੇ ਇੱਕ ਚਰਚਿਤ ਢਾਬੇ ਨਜ਼ਦੀਕ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ। ਵਣ ਰੇਂਜ ਅਫ਼ਸਰ ਹੁਸ਼ਿਆਰਪੁਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੰਗਲਾਤ ਦੇ ਖ਼ੜਕਾਂ ਪਿੰਡ ਦੇ ਜੰਗਲੀ ਰਕਬੇ ਵਿੱਚੋਂ ਕੁੱਝ ਦਰਖ਼ਤ ਵੱਢੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਕੁੱਝ ਦੇਰ ਪਹਿਲਾਂ ਹੀ ਕਥਿਤ ਦੋਸ਼ੀ ਗੱਡੀਆਂ ਵਿਚ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਆਪਣੀਆਂ ਟੀਮਾਂ ਨੂੰ ਸਰਗਰਮ ਕਰਕੇ ਕਥਿਤ ਦੋਸ਼ੀਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਕੁਲਦੀਪ ਸਿੰਘ ਬਲਾਕ ਅਫ਼ਸਰ, ਗੁਰਪ੍ਰੀਤ ਸਿੰਘ, ਆਕਾਸ਼ ਅੰਗੂਰਾਲਾ ਅਤੇ ਕਿਸ਼ਨ ਚੰਦ ਨੂੰ ਸੀਸੀਟੀਵੀ ਰਾਹੀ ਪਿੰਡ ਮੰਨਣ ਨਜ਼ਦੀਕ ਗੱਡੀਆਂ ਦੀ ਪਹਿਚਾਣ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਘੇਰਾ ਬੰਦੀ ਕਰਕੇ ਡੀ.ਐੱਸ. ਢਾਬਾ, ਪਿੰਡ ਹੰਦੋਵਾਲ ਨੇੜੇ ਟੀਮ ਨੂੰ ਇੱਕ ਗੱਡੀ ਨੰਬਰ ਐਚ ਆਰ 02 ਟੀ 4404 ਅਤੇ ਪਿੱਛੇ ਬਲੈਰੋ ਗੱਡੀ ਨੰਬਰ ਐਚ ਆਰ 67 ਸੀ 1114 ਦੀ ਘੇਰਾਬੰਦੀ ਕੀਤੀ ਤਾਂ ਪਤਾ ਲੱਗਾ ਕਿ ਗੱਡੀਆਂ ਰਾਹੀਂ ਲੱਕੜ ਲਿਜਾਈ ਜਾ ਰਹੀ ਸੀ। ਜਦੋਂ ਜੰਗਲਾਤ ਵਿਭਾਗ ਦੀ ਟੀਮ ਨੇ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਮਲਾ ਫਿਲਮੀ ਦ੍ਰਿਸ਼ ਵਰਗਾ ਬਣ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਗੱਡੀਆਂ ਵਿੱਚੋਂ ਵੱਢੇ ਹੋਏ ਖ਼ੈਰ ਦੇ ਅੱਠ ਅਤੇ ਫਲਾਹੀ ਦਾ ਇੱਕ ਰੁੱਖ ਅਤੇ ਦੋ ਆਰੇ ਬਰਾਮਦ ਹੋਏ। ਉਨ੍ਹਾਂ ਗੱਡੀਆਂ ਕਬਜੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ। ਕਥਿਤ ਦੋਸ਼ੀਆਂ ਦੀ ਪਹਿਚਾਣ ਯੂਨਸ ਖ਼ਾਨ ਪੁੱਤਰ ਮੁਸ਼ਤਾਕ ਅਲੀ, ਉਸਮਾਨ ਖ਼ਾਨ ਪੁੱਤਰ ਸੁਲੇਮਾਨ ਖ਼ਾਨ, ਵਾਹਿਦ ਹਸਨ ਪੁੱਤਰ ਕਰੀਮੂਦੀਨ ਵਾਸੀਆਨ ਪਲਹੇੜੀ ਜਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼, ਨਸੀਬ ਪੁੱਤਰ ਅਦਰੀਮ ਵਾਸੀ ਯਮੁਨਾ ਨਗਰ ਹਰਿਆਣਾ, ਕਾਸਿਮ ਪੁੱਤਰ ਅਲੀ ਹਸਨ ਵਾਸੀ ਖਿੱਜਲੀ ਯਮੁਨਾ ਨਗਰ, ਫਰਦੀਨ ਖ਼ਾਨ ਪੁੱਤਰ ਨਾਜਮ ਵਾਸੀ ਜੱਟਵਾਲਾ ਯਮੁਨਾਨਗਰ, ਜਹੀਰ ਖ਼ਾਨ ਪੁੱਤਰ ਸਿਲੇਵਾਨ ਖ਼ਾਨ ਵਾਸੀ ਮਾਜਰਾ ਸਿਰਮੌਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਵਿਭਾਗ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ।