- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਆਪਣੀ ਮਿੱਟੀ ਨਾਲ ਜੁੜ ਕੇ ਕਿਰਤ ਕਰਨ: ਜਥੇਦਾਰ ਗੜਗੱਜ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜ੍ਹਸ਼ੰਕਰ : ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ‘ਮੀਰੀ ਪੀਰੀ ਖਾਲਸਾ ਮਾਰਚ’ ਤੀਜੇ ਪੜਾਅ ਤਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਗੜ੍ਹਸ਼ੰਕਰ ਪਹੁੰਚਿਆ। ‘ਮੀਰੀ ਪੀਰੀ ਖਾਲਸਾ ਮਾਰਚ’ ਨਗਰ ਕੀਰਤਨ ਦਾ ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਵੱਖ-ਵੱਖ ਪਿੰਡਾਂ ’ਚ ਸੰਗਤ ਵੱਲੋਂ ਭਰਵੇਂ ਸਵਾਗਤ ਉਪਰੰਤ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਹੁੰਚਣ ’ਤੇ ਕਾਲਜ ਵਿਦਿਆਰਥੀਆਂ, ਸਟਾਫ਼ ਤੇ ਸ਼ਹਿਰ ਵਾਸੀ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ਼ ਵਿਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਫੁੱਲਾਂ ਨਾਲ ਸ਼ਿੰਗਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਅਤੇ ਪੰਜਾਂ ਪਿਆਰਿਆਂ ’ਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਸਤਿਕਾਰ ਕੀਤਾ ਗਿਆ। ਐੱਨਸੀਸੀ ਕੈਡਿਟਸ ਨੇ ਪਾਲਕੀ ਸਾਹਿਬ ਨੂੰ ਸਲਾਮੀ ਦਿੱਤੀ ਤੇ ਬੈਂਡ ਪਾਰਟੀ ਵੱਲੋਂ ਪਾਲਕੀ ਸਾਹਿਬ ਦੀ ਅਗਵਾਈ ਕੀਤੀ ਗਈ।
ਮੀਰੀ ਪੀਰੀ ਖ਼ਾਲਸਾ ਮਾਰਚ ਨਾਲ ਨਾਲ ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿ੍ੰਸੀਪਲ ਡਾ. ਅਮਨਦੀਪ ਹੀਰਾ ਤੇ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੀਰੀ ਤੇ ਪੀਰੀ ਦੇ ਸਿਧਾਂਤ ’ਤੇ ਚਾਨਣਾ ਪਾਉਂਦੇ ਹੋਏ ਸੰਗਤ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਿੱਖ ਵਿਰਾਸਤ ਨਾਲ ਜੁੜਨ ਲਈ ਪ੍ਰੇਰਦੇ ਹੋਏ ਕਿਹਾ ਕਿ ਸਾਡੇ ਧੀਆਂ-ਪੁੱਤਰ ਵਿਦੇਸ਼ ਜਾਣ ਦੀ ਬਜਾਏ ਆਪਣੀ ਮਿੱਟੀ ਨਾਲ ਜੁੜ ਕੇ ਕਿਰਤ ਕਰਦਿਆਂ ਤਰੱਕੀ ਕਰਨ। ਸਮਾਗਮ ਦੌਰਾਨ ਕਾਲਜ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਿਰੀ ਸਾਹਿਬ ਤੇ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਲੰਗਰ ਛਕਣ ਉਪਰੰਤ ਮੀਰੀ ਪੀਰੀ ਖ਼ਾਲਸਾ ਮਾਰਚ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ, ਸ਼੍ਰੋਮਣੀ ਕਮੇਟੀ ਮੈਂਬਰ ਡਾ. ਸੰਤ ਚਰਨਜੀਤ ਸਿੰਘ ਜੱਸੋਵਾਲ, ਸਰਬਜੀਤ ਸਿੰਘ ਸ਼ੁਕਾਰ, ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਨਗਰ ਕੌਂਸਲ ਪ੍ਰਧਾਨ ਸੋਮ ਨਾਥ ਬੰਗੜ, ਬੂਟਾ ਸਿੰਘ ਅਲੀਪੁਰ, ਜਥੇਦਾਰ ਇਕਬਾਲ ਸਿੰਘ ਖੇੜਾ, ਰਾਜਿੰਦਰ ਸਿੰਘ ਸ਼ੂਕਾ, ਜਿੰਦਰ ਸਿੰਘ ਗਿੱਲ, ਤਰਲੋਕ ਸਿੰਘ ਨਾਗਪਾਲ, ਦਲਜੀਤ ਸਿੰਘ ਬੈਂਸ, ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ, ਜਥੇਦਾਰ ਲਖਵੀਰ ਸਿੰਘ ਡਾਨਸੀਵਾਲ, ਜੇਪੀ ਸਿੰਘ, ਬੀਬੀ ਦਵਿੰਦਰ ਕੌਰ ਰਾਏ, ਡਾ. ਹਰਵਿੰਦਰ ਸਿੰਘ ਬਾਠ, ਜਗਦੇਵ ਸਿੰਘ ਮਨਸੋਵਾਲ, ਬਾਬਾ ਸਤਪਾਲ ਸਿੰਘ, ਚੌਧਰੀ ਅਸ਼ੋਕ ਨੰਦ ਲਾਲ, ਪਿ੍ੰਸੀਪਲ ਦਲਵਿੰਦਰ ਕੌਰ, ਪਿ੍ੰਸੀਪਲ ਰਾਜਵਿੰਦਰ ਕੌਰ ਮਾਹਿਲਪੁਰ ਤੋਂ ਇਲਾਵਾ ਇਲਾਕੇ ਤੋਂ ਸੰਗਤ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।