ਬਜ਼ੁਰਗ ਕਤਲਕਾਂਡ ਮਾਮਲਾ : 72 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲ੍ਹੀ ਬਜੁ਼ੁਰਗ ਕਤਲਕਾਂਡ ਮਾਮਲਾ , 72 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ
Publish Date: Thu, 17 Sep 2026 05:59 PM (IST)
Updated Date: Thu, 17 Sep 2026 06:02 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਟਾਂਡਾ ਸ਼ਹਿਰ ਦੇ ਲਹੌਰੀਆ ਮੁਹੱਲੇ ਵਿੱਚ ਬਜ਼ੁਰਗ ਦੁਕਾਨਦਾਰ ਗੁਲਜ਼ਾਰ ਸਿੰਘ ਦੇ ਕਤਲ ਦੇ 72 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਪੁਲਿਸ ਦੇ ਹੱਥ ਅਜੇ ਤੱਕ ਖਾਲ੍ਹੀ ਹਨ, ਜਦਕਿ ਵਾਰਦਾਤ ਤੋਂ ਬਾਅਦ ਪੁਲਿਸ ਦੇ ਹੱਥ ਲੱਗੀ ਸੀਸੀਟੀਵੀ ਫੁਟੇਜ ਵਿੱਚ ਮੋਟਰਸਾਈਕਲ ’ਤੇ ਸਵਾਰ ਤਿੰਨ ਸ਼ੱਕੀ ਵਿਅਕਤੀ ਮੋਟਰਸਾਈਕਲ ’ਤੇ ਭੱਜਦੇ ਨਜ਼ਰ ਆ ਰਹੇ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੋਮਵਾਰ ਸ਼ਾਮ ਵਕਤ ਕਰੀਬ 4 ਵਜੇ ਗੁਲਜ਼ਾਰ ਸਿੰਘ ਆਪਣੀ ਸੀਮੈਂਟ, ਬੱਜਰੀ ਅਤੇ ਰੇਤ ਦੀ ਦੁਕਾਨ ’ਤੇ ਬੈਠਾ ਸੀ ਕਿ ਇਸ ਦੌਰਾਨ ਕੁਝ ਲੋਕ ਸੀਮੈਂਟ ਖਰੀਦਣ ਦੇ ਬਹਾਨੇ ਦੁਕਾਨ ’ਤੇ ਪਹੁੰਚੇ ਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਗੁਲਜ਼ਾਰ ਸਿੰਘ ’ਤੇ ਕਰੀਬ 8 ਤੋਂ 10 ਵਾਰ ਕੀਤੇ, ਜਿਸ ਕਾਰਨ ਗੁਲਸ਼ਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਵਾਰਦਾਤ ਨੂੰ 72 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਸੀਸੀਟੀਵੀ ਫੁਟੇਜ ਉਪਲਬਧ ਹੋਣ ਦੇ ਬਾਵਜੂਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਮ੍ਰਿਤਕ ਦੇ ਪਰਿਵਾਰ ਅਤੇ ਇਲਾਕਾ ਵਾਸੀਆਂ ਵਿੱਚ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਗੁਲਜ਼ਾਰ ਸਿੰਘ ’ਤੇ ਇਸ ਤੋਂ ਪਹਿਲਾਂ ਵੀ ਦੋ ਵਾਰ ਜਾਨਲੇਵਾ ਹਮਲਾ ਹੋ ਚੁੱਕਾ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਪਿਛਲੇ ਕਰੀਬ 5-6 ਸਾਲਾਂ ਦੌਰਾਨ ਉਸ ’ਤੇ ਦੋ ਵਾਰ ਜਾਨਲੇਵਾ ਹਮਲਾ ਹੋ ਚੁੱਕਾ ਸੀ। ਇੱਕ ਵਾਰ ਅਣਪਛਾਤੇ ਲੋਕਾਂ ਨੇ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਦੂਜੀ ਵਾਰ ਸੀਮੈਂਟ ਮੰਗਵਾਉਣ ਦੇ ਬਹਾਨੇ ਉਸ ਨੂੰ ਪਿੰਡ ਮੁਨਕਾ ਬੁਲਾਇਆ ਗਿਆ ਅਤੇ ਰਸਤੇ ਵਿੱਚ ਉਸ ’ਤੇ ਹਮਲਾ ਕੀਤਾ ਗਿਆ ਸੀ। ਇਨ੍ਹਾਂ ਦੋਵੇਂ ਜਾਨਲੇਵਾ ਹਮਲਿਆਂ ਵਿਚ ਗੁਲਜ਼ਾਰ ਸਿੰਘ ਕਿਸੇ ਤਰ੍ਹਾਂ ਬਚ ਗਿਆ ਸੀ। ਕੀ ਕਹਿਣਾ ਹੈ ਐੱਸਐੱਚਓ ਟਾਂਡਾ ਦਾ : ਇਸ ਕਤਲਕਾਂਡ ਸਬੰਧੀ ਜਦੋਂ ਐੱਸਐੱਚਓ ਟਾਂਡਾ ਅਮਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਜਾਰੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕਰ ਰਹੀ ਹੈ। ਕਤਲ ਦੇ ਪਿੱਛੇ ਪੁਰਾਣੀ ਰੰਜਿਸ਼ ਸਮੇਤ ਹੋਰ ਪਹਿਲੂਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।