ਸੜਕ ਹਾਦਸੇ ’ਚ ਇੱਕ ਦੀ ਮੌਤ ਤੋਂ ਬਾਅਦ ਲੋਕਾਂ ਨੇ ਲਾਇਆ ਜਾਮ ਸੜਕ ਹਾਦਸੇ ’ਚ ਇੱਕ ਦੀ ਮੌਤ ਤੋਂ ਬਾਅਦ ਲੋਕਾਂ ਨੇ ਲਾਇਆ ਜਾਮ
Publish Date: Wed, 09 Sep 2026 06:09 PM (IST)
Updated Date: Wed, 09 Sep 2026 06:10 PM (IST)
- ਸਕੂਟਰੀ ਸਵਾਰ ਟਰੱਕ ਹੇਠਾਂ ਦਰੜਿਆ ਗਿਆ, ਲੋਕਾਂ ਵੱਲੋਂ ਪੁਲਿਸ ਵਿਰੁੱਧ ਨਾਅਰੇਬਾਜ਼ੀ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਨਲੋਈਆਂ ਚੌਕ ਇੱਕ ਤੇਜ਼ ਰਫ਼ਤਾਰ ਅਤੇ ਓਵਰਲੋਡਿਡ ਟਰੱਕ ਦੀ ਲਪੇਟ ’ਚ ਆਉਣ ਨਾਲ ਇੱਕ ਰਾਜ ਮਿਸਤਰੀ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸਾ ਇੰਨਾ ਦਰਦਨਾਕ ਸੀ ਕਿ ਸਕੂਟਰੀ ਸਵਾਰ ਟਰੱਕ ਹੇਠਾਂ ਬੁਰੀ ਤਰ੍ਹਾਂ ਨਾਲ ਦਰੜਿਆ ਗਿਆ। ਭੜਕੇ ਲੋਕਾਂ ਨੇ ਪੁਲਿਸ ਦੇ ਨਾ ਆਉਣ ਕਾਰਨ ਮੌਕੇ ’ਤੇ ਹੀ ਜਾਮ ਲਗਾ ਕੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਰਵੀ ਨਾਮਕ ਨੌਜਵਾਨ ਵਾਸੀ ਨਲੋਈਆਂ ਚੌਕ ਆਪਣੀ ਸਕੂਟਰੀ ’ਤੇ ਬਾਜ਼ਾਰ ਤੋਂ ਦੁੱਧ ਲੈਣ ਆਪਣੇ ਘਰ ਤੋਂ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਉਸ ਦੀ ਟੱਕਰ ਹੋ ਗਈ ਅਤੇ ਉਹ ਟਰੱਕ ਹੇਠਾਂ ਆ ਗਿਆ। ਟਰੱਕ ਚਾਲਕ ਨੇ ਟਰੱਕ ਰੋਕਿਆ ਨਹੀਂ, ਬਲਕਿ ਉਸ ਨੂੰ ਦੂਰ ਤੱਕ ਘੜੀਸ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਕੱਠੇ ਹੋਏ ਲੋਕਾਂ ਨੇ ਪੁਲਿਸ ਨੂੰ ਕਈ ਵਾਰ ਫ਼ੋਨ ਕੀਤੇ ਪਰ ਜਦੋਂ ਕੋਈ ਵੀ ਨਾ ਬਹੁੜਿਆ ਤਾਂ ਉਨ੍ਹਾਂ ਰੋਹ ਵਿਚ ਆ ਕੇ ਜਾਮ ਲਗਾ ਦਿੱਤਾ। ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਲੋਕਾਂ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੋ ਘੰਟੇ ਬਾਅਦ ਮੌਕੇ ’ਤੇ ਆਈ ਪੁਲਿਸ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰ ਕੇ ਸਬੰਧਿਤ ਟਰੱਕ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।