
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਮੁਲਾਜ਼ਮ ਨੇ ਪਿਸਤੌਲ ਨਾਲ ਕੀਤੀ ਮੁਹੱਲਾ ਵਾਸੀਆਂ ਤੇ ਫਾਇਰਿੰਗ

- ਟਾਂਡਾ ਦੇ ਜੈਨ ਮੁਹੱਲਾ ਅਹੀਆਪੁਰ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ , ਬੀਤੀ ਰਾਤ ਸ਼ਹਿਰ ਟਾਂਡਾ ਦੇ ਅਹੀਆਪੁਰ ਵਿੱਚ ਸਥਿਤ ਜੈਨ ਮੁਹੱਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਮੁਹੱਲਾ ਵਾਸੀਆਂ ਨਾਲ ਹੋਏ ਝਗੜੇ ਦੌਰਾਨ ਆਪਣੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜਿਸ ਕਾਰਨ ਮੁਹੱਲਾ ਵਾਸੀਆਂ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਟਾਂਡਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਪਿਸਤੌਲ ਤੇ ਇੱਕ ਦਾਤਰ ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਹਰਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਮਾਡਲ ਟਾਊਨ ਨਵਾਂ ਪਿੰਡ ਬਟਾਲਾ ਵਜੋਂ ਹੋਈ ਹੈ। ਮੁਹੱਲਾ ਵਾਸੀਆਂ ਅਨੁਸਾਰ ਹਰਿੰਦਰ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਜੈਨ ਮੁਹੱਲੇ ਵਿੱਚ ਮਕਾਨ ਖਰੀਦਿਆ ਸੀ ਅਤੇ ਉਹ ਆਪਣੀ ਪਤਨੀ ਤੇ ਧੀ ਨਾਲ ਉੱਥੇ ਰਹਿ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਉਹ ਕਥਿਤ ਤੌਰ ’ਤੇ ਮੁਹੱਲੇ ਦੀਆਂ ਔਰਤਾਂ ਤੇ ਲੜਕੀਆਂ ਨਾਲ ਗਲਤ ਵਿਵਹਾਰ ਕਰਦਾ ਸੀ। ਵਿਰੋਧ ਕਰਨ ’ਤੇ ਉਹ ਪਿਸਤੌਲ ਦਿਖਾ ਕੇ ਖੁਦ ਨੂੰ ਪੰਜਾਬ ਪੁਲਿਸ ਦਾ ‘ਐਨਕਾਊਂਟਰ ਸਪੈਸ਼ਲਿਸਟ’ ਐੱਸਐੱਚਓ ਦੱਸਦਿਆਂ ਲੋਕਾਂ ਨੂੰ ਧਮਕਾਉਂਦਾ ਸੀ।
ਇਸ ਸਬੰਧੀ ਮੁਹੱਲਾ ਵਾਸੀ ਰਣਜੀਤ ਸਿੰਘ ਵੱਲੋਂ ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਹਰਿੰਦਰ ਸਿੰਘ ਰੋਜ਼ਾਨਾ ਆਪਣੇ ਕੁੱਤੇ ਨੂੰ ਲੈ ਕੇ ਬਾਹਰ ਨਿਕਲਦਾ ਸੀ ਤਾਂ ਮੁਹੱਲੇ ਵਿੱਚ ਘੁੰਮਦੇ ਲਾਵਾਰਿਸ ਕੁੱਤਿਆਂ ਨੂੰ ਕਦੇ ਪੱਥਰ ’ਤੇ ਕਦੇ ਡੰਡੇ ਨਾਲ ਮਾਰਦਾ ਸੀ। ਬੁੱਧਵਾਰ ਰਾਤ ਉਸ ਨੇ ਕਥਿਤ ਤੌਰ ’ਤੇ ਇੱਕ ਕੁੱਤੇ ਨੂੰ ਦਾਤਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਮੁਹੱਲਾ ਵਾਸੀਆਂ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਉਹ ਆਪਣੇ ਘਰ ਵੱਲ ਚਲਾ ਗਿਆ ਤੇ ਘਰ ਅੰਦਰੋਂ ਦਾਤਰ ਕੱਢ ਕੇ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੁਹੱਲਾ ਵਾਸੀਆਂ ਨੇ ਕਿਸੇ ਤਰ੍ਹਾਂ ਉਸ ਤੋਂ ਦਾਤਰ ਖੋਹ ਲਿਆ। ਇਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ’ਤੇ ਆਪਣੀ ਜੇਬ ਵਿੱਚੋਂ ਰਿਵਾਲਵਰ ਕੱਢ ਕੇ ਲੋਕਾਂ ਵੱਲ ਕਰੀਬ ਛੇ ਰਾਊਂਡ ਫਾਇਰ ਕਰ ਦਿੱਤੇ। ਗੋਲੀਆਂ ਚੱਲਣ ਨਾਲ ਮੁਹੱਲੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜੇ। ਘਟਨਾ ਦੀ ਸੂਚਨਾ 112 ਨੰਬਰ ’ਤੇ ਦੇਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਵਿੱਚੋਂ ਰਿਵਾਲਵਰ ਅਤੇ ਦਾਤਰ ਬਰਾਮਦ ਕੀਤੇ। ਇਸ ਤੋਂ ਪਹਿਲਾਂ ਮੁਹੱਲਾ ਵਾਸੀਆਂ ਨੇ ਪੁਲਿਸ ’ਤੇ ਕਾਰਵਾਈ ਵਿੱਚ ਦੇਰੀ ਕਰਨ ਅਤੇ ਸ਼ਿਕਾਇਤਕਰਤਾਵਾਂ ’ਤੇ ਰਾਜੀਨਾਮਾ ਕਰਨ ਲਈ ਦਬਾਅ ਬਣਾਉਣ ਦੇ ਦੋਸ਼ ਲਗਾਉਂਦਿਆਂ ਦੇਰ ਰਾਤ ਕਰੀਬ 2 ਵਜੇ ਤੱਕ ਥਾਣੇ ਦੇ ਬਾਹਰ ਧਰਨਾ ਦਿੱਤਾ। ਮੁਹੱਲਾ ਵਾਸੀ ਅਮਿਤ ਤਲਵਾਰ, ਵਿਕਾਸ ਮਰਵਾਹਾ, ਕੌਂਸਲਰ ਆਸ਼ੂ ਵੇਦ, ਰੋਹਿਤ ਕੁਮਾਰ, ਗੁੱਲੂ, ਹੈਪੀ, ਬਬਲੂ, ਅਨਮੋਲ ਰਾਣੀ, ਕਮਲਜੀਤ ਅਤੇ ਪਰਵਿੰਦਰ ਕੌਰ ਸਮੇਤ ਹੋਰ ਮੁਹੱਲਾ ਵਾਸੀਆਂ ਨੇ ਪੁਲਿਸ ਕਾਰਵਾਈ ਵਿੱਚ ਦੇਰੀ ’ਤੇ ਰੋਸ ਜਤਾਇਆ।