ਲੱਖਾਂ ਦੀ ਠੱਗੀ ਮਾਰ ਰਾਤੋ-ਰਾਤ ਫ਼ਰਾਰ ਹੋਇਆ ਟਰੈਵਲ ਏਜੰਟ, ਮਾਮਲਾ ਦਰਜ ਲੱਖਾਂ ਦੀ ਠੱਗੀ ਮਾਰ ਰਾਤੋ-ਰਾਤ ਫਰਾਰ ਹੋਇਆ ਟਰੈਵਲ ਏਜੰਟ , ਮਾਮਲਾ ਦਰਜ
Publish Date: Fri, 14 Aug 2026 04:59 PM (IST)
Updated Date: Fri, 14 Aug 2026 04:59 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਥਾਣਾ ਟਾਂਡਾ ਪੁਲਿਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਵਾਲੇ ਇਕ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਠਾਣੇ ਮਹਾਰਾਸ਼ਟਰ ਹਾਲ ਵਾਸੀ ਢਡਿਆਲਾ ਥਾਣਾ ਟਾਂਡਾ ਵਜੋਂ ਹੋਈ ਹੈ। ਟਾਂਡਾ ਦੀ ਐੱਸਬੀਆਈ ਬੈਂਕ ਮਾਰਕੀਟ ਵਿੱਚ ਫਲਾਈ ਸਵਿਸ ਨਾਮ ਹੇਠ ਟਰੈਵਲ ਏਜੰਸੀ ਦਾ ਦਫ਼ਤਰ ਚਲਾਉਣ ਵਾਲੇ ਇਸ ਟਰੈਵਲ ਏਜੰਟ ਵੱਲੋਂ ਕਈ ਲੋਕਾਂ ਨਾਲ ਵਿਦੇਸ਼ ਭੇਜਣ ਅਤੇ ਵਰਕ ਪਰਮਿਟ ਦਿਵਾਉਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਹੈ। ਉਕਤ ਏਜੰਟ ਵੱਲੋਂ ਪੈਸੇ ਲੈਣ ਤੋਂ ਬਾਅਦ ਕੁਝ ਲੋਕਾਂ ਨੂੰ ਕਥਿਤ ਤੌਰ ’ਤੇ ਨਕਲੀ ਵੀਜ਼ੇ ਅਤੇ ਏਅਰ ਟਿਕਟਾਂ ਵੀ ਦਿੱਤੀਆਂ ਜਾਂਦੀਆਂ ਸਨ। ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਉਕਤ ਟਰੈਵਲ ਏਜੰਟ ਰਾਤੋ ਰਾਤ ਆਪਣਾ ਦਫ਼ਤਰ ਬੰਦ ਕਰ ਕੇ ਸਾਰਾ ਸਾਮਾਨ ਸਮੇਟ ਕੇ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਬਾਹਰ ਲੱਗਾ ਬੋਰਡ, ਅੰਦਰ ਲੱਗੇ ਸੀਸੀਟੀਵੀ ਕੈਮਰੇ, ਕੰਪਿਊਟਰ, ਫਰਨੀਚਰ ਅਤੇ ਹੋਰ ਸਾਮਾਨ ਵੀ ਗਾਇਬ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਟਾਂਡਾ ਅਮਰਜੀਤ ਕੌਰ ਨੇ ਦੱਸਿਆ ਕਿ ਟਾਂਡਾ ਪੁਲਿਸ ਨੇ ਤਿੰਨ ਸ਼ਿਕਾਇਤਕਰਤਾਵਾਂ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਟਰੈਵਲ ਏਜੰਟ ਜਤਿੰਦਰ ਸਿੰਘ ਖ਼ਿਲਾਫ਼ ਕਰੀਬ 34 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾਵਾਂ ਮੁਤਾਬਿਕ ਕਰੀਬ 20 ਲੋਕ ਇਸ ਠੱਗੀ ਦਾ ਸ਼ਿਕਾਰ ਹੋਏ ਹਨ। ਐੱਸਐੱਚਓ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸਰਬਜੀਤ ਸਿੰਘ ਵਾਸੀ ਜਹੂਰਾ ਨੇ ਪੁਲਿਸ ਨੂੰ ਦੱਸਿਆ ਕਿ ਏਜੰਟ ਨੇ ਉਸ ਨੂੰ ਨਿਊਜ਼ੀਲੈਂਡ ਦਾ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ 18 ਲੱਖ ਰੁਪਏ ਲਏ ਸਨ। ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਉਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਅਤੇ ਏਅਰ ਟਿਕਟ ਦਿੱਤੇ ਗਏ। ਬਾਅਦ ਵਿੱਚ ਦਸਤਾਵੇਜ਼ਾਂ ਦੀ ਅਸਲੀਅਤ ’ਤੇ ਸ਼ੱਕ ਹੋਣ ’ਤੇ ਜਦੋਂ ਉਸ ਨੇ ਏਜੰਟ ਨਾਲ ਸੰਪਰਕ ਕਰ ਕੇ ਪੈਸੇ ਵਾਪਸ ਮੰਗੇ ਤਾਂ ਦਫ਼ਤਰ ਬੰਦ ਮਿਲਿਆ। ਇੱਕ ਸ਼ਿਕਾਇਤ ਕਰਤਾ ਪਿਆਰਾ ਸਿੰਘ ਵਾਸੀ ਗਿਲਜੀਆਂ ਨੇ ਦੋਸ਼ ਲਾਇਆ ਕਿ ਉਕਤ ਏਜੰਟ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਅਮਰੀਕਾ ਭੇਜਣ ਦਾ ਭਰੋਸਾ ਦੇ ਕੇ 7 ਲੱਖ ਰੁਪਏ ਲਏ ਪਰ ਨਾ ਤਾਂ ਉਨ੍ਹਾਂ ਨੂੰ ਅਮਰੀਕਾ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜਦਕਿ ਇੱਕ ਸ਼ਿਕਾਇਤ ਕਰਤਾ ਸੰਦੀਪ ਸਿੰਘ ਵਾਸੀ ਸਮਰਾਏ (ਜਮਸ਼ੇਰ), ਜਲੰਧਰ ਨੇ ਪੁਲਿਸ ਨੂੰ ਦੱਸਿਆ ਕਿ ਵਿਦੇਸ਼ ਭੇਜਣ ਦੇ ਨਾਮ ’ਤੇ ਉਸ ਤੋਂ 5 ਲੱਖ 50 ਹਜ਼ਾਰ ਰੁਪਏ ਲਏ ਗਏ, ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਇਸੇ ਤਰ੍ਹਾਂ ਹਰਜੀਤ ਸਿੰਘ ਤੋਂ ਵੀ 4 ਲੱਖ ਰੁਪਏ ਲੈਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਐੱਸਐੱਚਓ ਨੇ ਦੱਸਿਆ ਕਿ ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਏਜੰਟ ਨੇ ਕਰੀਬ 20 ਲੋਕਾਂ ਤੋਂ ਵਿਦੇਸ਼ ਭੇਜਣ, ਵੀਜ਼ਾ ਅਤੇ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ ਮੋਟੀ ਰਕਮ ਠੱਗੀ ਹੈ। ਪੁਲਿਸ ਵੱਲੋਂ ਫਿਲਹਾਲ ਤਿੰਨ ਸ਼ਿਕਾਇਤਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਹੋਰ ਪੀੜਤਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ’ਤੇ ਠੱਗੀ ਦੀ ਰਕਮ ਅਤੇ ਪੀੜਤਾਂ ਦੀ ਗਿਣਤੀ ਵਧ ਸਕਦੀ ਹੈ।