ਪਰਗਟ ਸਿੰਘ ਦੀ ਅਗਵਾਈ ’ਚ ਪੰਜਾਬ ਕਾਂਗਰਸ ਨੂੰ ਮਿਲੇਗੀ ਨਵੀਂ ਦਿਸ਼ਾ : ਸਚਿਨ ਸਮਿਆਲ ਪਰਗਟ ਸਿੰਘ ਦੀ ਅਗਵਾਈ ’ਚ ਪੰਜਾਬ ਕਾਂਗਰਸ ਨੂੰ ਮਿਲੇਗੀ ਨਵੀਂ ਦਿਸ਼ਾ: ਸਚਿਨ ਸਮਿਆਲ
Publish Date: Wed, 07 Oct 2026 04:02 PM (IST)
Updated Date: Wed, 07 Oct 2026 04:05 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਦਾ ਕਾਂਗਰਸ ਆਗੂਆਂ ਅਤੇ ਵਰਕਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਹੁਸ਼ਿਆਰਪੁਰ ਦੇ ਮੀਤ-ਪ੍ਰਧਾਨ ਸਚਿਨ ਸਮਿਆਲ ਨੇ ਪਰਗਟ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ’ਤੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਸਚਿਨ ਸਮਿਆਲ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਗਟ ਸਿੰਘ ਵਰਗੇ ਤਜਰਬੇਕਾਰ, ਜੁਝਾਰੂ ਅਤੇ ਸਾਫ਼-ਸੁਥਰੇ ਅਕਸ ਵਾਲੇ ਆਗੂ ਨੂੰ ਸੂਬਾ ਕਾਂਗਰਸ ਦੀ ਜ਼ਿੰਮੇਵਾਰੀ ਸੌਂਪਣਾ ਸ਼ਲਾਘਾਯੋਗ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਨੇ ਖੇਡ ਦੇ ਮੈਦਾਨ ਤੋਂ ਲੈ ਕੇ ਰਾਜਨੀਤੀ ਤੱਕ ਆਪਣੀ ਅਗਵਾਈ ਦੀ ਸਮਰੱਥਾ ਅਤੇ ਸੰਘਰਸ਼ਸ਼ੀਲਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦਾ ਤਜਰਬਾ ਅਤੇ ਵਰਕਰਾਂ ਨਾਲ ਸਿੱਧਾ ਸੰਪਰਕ ਪਾਰਟੀ ਨੂੰ ਨਵੀਂ ਊਰਜਾ ਦੇਵੇਗਾ। ਸਚਿਨ ਸਮਿਆਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਇਕਜੁੱਟ ਕਰਨਾ, ਲੋਕਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣਾ ਅਤੇ ਸੰਗਠਨ ਨੂੰ ਬੂਥ ਪੱਧਰ ਤੱਕ ਸਰਗਰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵਰਕਰ ਪੂਰੀ ਮਿਹਨਤ ਅਤੇ ਇਕਜੁੱਟਤਾ ਨਾਲ ਲੋਕਾਂ ਦਰਮਿਆਨ ਜਾਣ ਲਈ ਤਿਆਰ ਹਨ।