2027 ਦੀ ਜਿੱਤ ਲਈ ਹੁਣੇ ਤੋਂ ਇਕਜੁੱਟ ਹੋ ਕੇ ਜੁੱਟਣ ਕਾਂਗਰਸੀ ਵਰਕਰ : ਸੂਰਜ ਠਾਕੁਰ 2027 ਦੀ ਜਿੱਤ ਲਈ ਹੁਣੇ ਤੋਂ ਇਕਜੁੱਟ ਹੋ ਕੇ ਜੁੱਟਣ ਕਾਂਗਰਸੀ ਵਰਕਰ: ਸੂਰਜ ਠਾਕੁਰ
Publish Date: Sun, 27 Sep 2026 04:44 PM (IST)
Updated Date: Mon, 28 Sep 2026 04:00 AM (IST)
ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਹੁਸ਼ਿਆਰਪੁਰ ਕਾਂਗਰਸ ਦਫ਼ਤਰ ’ਚ ਧਰਨਾ ਪ੍ਰਦਰਸ਼ਨ ਅੱਜ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਕਾਂਗਰਸ ਕਮੇਟੀ ਦੇ ਕੋ-ਪ੍ਰਭਾਰੀ ਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਸੂਰਜ ਠਾਕੁਰ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਕਾਂਗਰਸ ਦੀ ਸੰਗਠਨਾਤਮਕ ਮੀਟਿੰਗ ਦੌਰਾਨ ਵਰਕਰਾਂ ਅਤੇ ਅਹੁਦੇਦਾਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਹੁਣੇ ਤੋਂ ਪੂਰੀ ਤਾਕਤ ਨਾਲ ਜੁੱਟਣ ਦਾ ਸੱਦਾ ਦਿੱਤਾ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਤੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੂਰਜ ਠਾਕੁਰ ਨੇ ਜ਼ਿਲ੍ਹਾ ਅਹੁਦੇਦਾਰਾਂ, ਬਲਾਕ ਪ੍ਰਧਾਨਾਂ ਅਤੇ ਵਰਕਰਾਂ ਤੋਂ ਹਲਕਾ ਪੱਧਰ ਦੀ ਵਿਸਥਾਰਤ ਰਿਪੋਰਟ ਲਈ, ਉਨ੍ਹਾਂ ਦਾ ਫੀਡਬੈਕ ਸੁਣਿਆ ਤੇ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਚਰਚਾ ਕੀਤੀ। ਉਨ੍ਹਾਂ ਵਰਕਰਾਂ ਅਤੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਅਕਤੂਬਰ ਵਿੱਚ ਤਿੰਨ ਦਿਨਾਂ ਦਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਦੌਰਾ ਕਰਨਗੇ ਅਤੇ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਨਿੱਜੀ ਤੌਰ ਤੇ ਮੁਲਾਕਾਤਾਂ ਕਰਨਗੇ। ਡੈਨੀ ਬੰਡਾਲਾ ਨੇ ਮੀਟਿੰਗ ਦੌਰਾਨ ਐਲਾਨ ਕੀਤਾ ਕਿ 28 ਸਤੰਬਰ ਨੂੰ ਹੁਸ਼ਿਆਰਪੁਰ ਸਥਿਤ ਜ਼ਿਲ੍ਹਾ ਕਾਂਗਰਸ ਦਫ਼ਤਰ ਵਿੱਚ ਮੁੱਖ ਚੋਣ ਆਯੁਕਤ ਖ਼ਿਲਾਫ਼ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਲ ਹੋਣਗੇ। ਇਸ ਮੌਕੇ ਤੇ ਲੋਕ ਸਭਾ ਉਮੀਦਵਾਰ ਯਾਮਿਨੀ ਗੌਮਰ, ਸਾਬਕਾ ਵਿਧਾਇਕ ਪਵਨ ਆਦੀਆ, ਸਾਬਕਾ ਵਿਧਾਇਕ ਅਰੁਣ ਡੋਗਰਾ ਮਿੱਕੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ, ਅਮਰਪ੍ਰੀਤ ਸਿੰਘ ਲਾਲੀ ਅਤੇ ਐਡਵੋਕੇਟ ਰੋਹਿਤ ਜੋਸ਼ੀ ਸਮੇਤ ਕਈ ਸੀਨੀਅਰ ਆਗੂ ਅਤੇ ਅਹੁਦੇਦਾਰ ਹਾਜ਼ਰ ਸਨ।