ਲੈਕਚਰ ਦੌਰਾਨ ਮਾਨਸਿਕ ਸਿਹਤ ਸਬੰਧੀ ਕੀਤਾ ਜਾਗਰੂਕ
ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ
Publish Date: Wed, 07 Oct 2026 03:56 PM (IST)
Updated Date: Wed, 07 Oct 2026 03:59 PM (IST)
ਗੌਰਵ, ਪੰਜਾਬੀ ਜਾਗਰਣ ਗੜਦੀਵਾਲਾ : ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਆਈਕਿਊਏਸੀ ਦੇ ਸਹਿਯੋਗ ਨਾਲ ਬੀਐੱਸਸੀ ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਲਈ ਮੈਂਟਲ ਹੈਲਥ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿੱਚ ਡਾ. ਅਰਚਨਾ ਠਾਕੁਰ, ਵਿਭਾਗ ਰਾਜਨੀਤੀ ਵਿਗਿਆਨ, ਨੇ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ, ਤਣਾਅ ਦੇ ਕਾਰਨਾਂ, ਭਾਵਨਾਤਮਕ ਸੰਤੁਲਨ ਅਤੇ ਰੋਜ਼ਾਨਾ ਜੀਵਨ ਵਿੱਚ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ, ਸਕਾਰਾਤਮਕ ਸੋਚ ਅਪਣਾਉਣ ਅਤੇ ਲੋੜ ਪੈਣ ’ਤੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਜਾਂ ਮਾਹਿਰਾਂ ਨਾਲ ਗੱਲਬਾਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਵਿਭਾਗ ਮੁਖੀ ਮੈਡਮ ਸ਼ਰਨਜੀਤ ਕੌਰ ਵਿਦਿਆਰਥੀਆਂ ਨੂੰ ‘ਆਪਣੇ ਮਨ ਦੀ ਸੰਭਾਲ ਕਰੋ ਅਤੇ ਸਿਹਤਮੰਦ ਜੀਵਨ ਵੱਲ ਇੱਕ ਕਦਮ ਵਧਾਓ’ ਦਾ ਸੰਦੇਸ਼ ਦਿੱਤਾ ਗਿਆ।