ਰਾਜਨੀਤੀ ਸ਼ਾਸਤਰ ਵਿਭਾਗ ਨੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ
Publish Date: Wed, 07 Oct 2026 03:52 PM (IST)
Updated Date: Wed, 07 Oct 2026 03:53 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸ ਗਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮੌਕੇ ਜ਼ਮੀਨੀ ਪੱਧਰ ਤੇ ਲੋਕਤੰਤਰ: ਪੰਜਾਬ ਦੇ ਹਵਾਲੇ ਨਾਲ ਵਿਸ਼ੇ ਤੇ ਲੈਕਚਰ ਅਤੇ ਫੀਲਡ ਦੌਰਾ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਤਾਰਾ ਦੇਵੀ ਨੇ ਪੀ.ਪੀ.ਟੀ. ਰਾਹੀਂ ਲੋਕਤੰਤਰ ਦਿਵਸ ਦੀ ਮਹੱਤਤਾ, ਪੰਚਾਇਤੀ ਰਾਜ ਦੀਆਂ ਸੰਵਿਧਾਨਕ ਵਿਵਸਥਾਵਾਂ, ਇਸ ਦੇ ਕੰਮ ਅਤੇ ਵਿੱਤੀ ਸਾਧਨਾਂ ਬਾਰੇ ਦੱਸਿਆ। ਉਨ੍ਹਾਂ ਨੇ ਪੰਜਾਬ ਵਿੱਚ ਪੰਚਾਇਤਾਂ ਵਿੱਚ ਔਰਤਾਂ ਲਈ 50 ਫੀਸਦੀ ਰਾਖਵੇਂਕਰਨ ਅਤੇ ਨੌਜਵਾਨਾਂ ਦੀ ਭੂਮਿਕਾ ਤੇ ਚਾਨਣਾ ਪਾਇਆ। ਇਸ ਤੋਂ ਬਾਅਦ 50 ਦੇ ਕਰੀਬ ਵਿਦਿਆਰਥੀ ਅਤੇ ਅਧਿਆਪਕ ਗ੍ਰਾਮ ਪੰਚਾਇਤ ਹਵੇਲੀ, ਬਲਾਕ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਹੁੰਚੇ ਜਿੱਥੇ ਸਰਪੰਚ ਸ੍ਰੀਮਤੀ ਚਰਨਜੀਤ ਕੌਰ ਅਤੇ ਪੰਚਾਇਤ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਰਪੰਚ ਨੇ ਪੰਚਾਇਤ ਦੇ ਕੰਮਕਾਜ, ਫੈਸਲੇ ਲੈਣ ਦੀ ਪ੍ਰਕਿਰਿਆ ਅਤੇ ਸਰਕਾਰੀ ਸਕੀਮਾਂ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਵਿਦਿਆਰਥੀਆਂ ਨੇ ਪੰਚਾਇਤ ਫੰਡ, ਗ੍ਰਾਮ ਸਭਾ ਦੀਆਂ ਮੀਟਿੰਗਾਂ, ਬਜਟ, ਲਾਭਪਾਤਰੀਆਂ ਦੀ ਚੋਣ, ਪਾਰਦਰਸ਼ਤਾ, ਡਿਜੀਟਲ ਕੰਮ ਅਤੇ ਸਫਾਈ ਸਕੀਮਾਂ ਬਾਰੇ ਸਵਾਲ ਪੁੱਛੇ।ਵਿਦਿਆਰਥੀਆਂ ਨੇ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੂੰ ਪ੍ਰਸ਼ਨਾਵਲੀ ਵੀ ਦਿੱਤੀ। ਇਸ ਆਧਾਰ ਤੇ ਉਹ ਰਿਪੋਰਟ ਤਿਆਰ ਕਰਨਗੇ।