- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਐੱਸਐੱਸ ਸਥਾਪਨਾ ਦਿਵਸ ਮੌਕੇ ਸਾਬਕਾ ਸਵੈ-ਸੇਵਕਾਂ ਦਾ ਕੀਤਾ ਸਨਮਾਨ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ
ਮੁਕੇਰੀਆਂ : ਸਵਾਮੀ ਪ੍ਰੇਮਾਨੰਦ ਮਹਾਵਿਦਿਆਲਾ ਮੁਕੇਰੀਆਂ ਵਿਖੇ ਐੱਨਐੱਸਐੱਸ ਸਥਾਪਨਾ ਦਿਵਸ ਦੇ ਮੌਕੇ ’ਤੇ ਫੈਸਿਲਿਟੇਸ਼ਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦਾ ਉਦੇਸ਼ ਐੱਨਐੱਸਐੱਸ ਸਵੈ-ਸੇਵਕਾਂ ਦੀ ਸੇਵਾ, ਸਮਰਪਣ, ਅਨੁਸ਼ਾਸਨ ਅਤੇ ਸਮਾਜਿਕ ਭਾਗੀਦਾਰੀ ਨੂੰ ਸਨਮਾਨਿਤ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਸਮਾਜ-ਹਿੱਤ ਦੇ ਕਾਰਜਾਂ ਲਈ ਪ੍ਰੇਰਿਤ ਕਰਨਾ ਸੀ। ਸਮਾਰੋਹ ਦਾ ਸ਼ੁੱਭਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਵੱਲੋਂ ਜੋਤ ਰੁਸ਼ਨਾ ਕੇ ਕੀਤਾ ਗਿਆ। ਪ੍ਰੋ. ਸ਼ਿਵਮ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਸਾਲ ਭਰ ਕਰਵਾਈਆਂ ਗਈਆਂ ਸਮਾਜਿਕ ਜਾਗਰੂਕਤਾ, ਵਾਤਾਵਰਣ ਸੰਭਾਲ, ਸਫ਼ਾਈ, ਜਨ-ਸੇਵਾ ਅਤੇ ਸਿਹਤ ਜਾਗਰੂਕਤਾ ਸਰਗਰਮੀਆਂ ’ਤੇ ਆਧਾਰਿਤ ਵੀਡੀਓ ਪੇਸ਼ਕਾਰੀ ਕੀਤੀ ਗਈ, ਜਿਸ ਨੇ ਸਾਬਕਾ ਸਵੈ-ਸੇਵਕਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਸੋਨੀਆ ਸ਼ਰਮਾ ਨੇ ਸਵਾਗਤੀ ਭਾਸ਼ਣ ਦੌਰਾਨ ਐੱਨਐੱਸਐੱਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਨਐੱਸਐੱਸ ਸਿਰਫ਼ ਸਰਟੀਫਿਕੇਟ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਸ਼ਖ਼ਸੀਅਤ ਨਿਰਮਾਣ, ਅਗਵਾਈ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦਾ ਮਹੱਤਵਪੂਰਨ ਮੰਚ ਹੈ।
ਇਸ ਮੌਕੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਸਾਬਕਾ ਐੱਨਐੱਸਐੱਸ ਸਵੈ-ਸੇਵਕਾਂ ਨੂੰ ਉਨ੍ਹਾਂ ਦੀ ਸੇਵਾ ਅਤੇ ਯੋਗਦਾਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਅਸ਼ੋਕ ਚੌਧਰੀ ਨੇ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ, ਅਧਿਆਪਕਾਂ, ਸਵੈ-ਸੇਵਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਮਾਰੋਹ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ। ਇਸ ਮੌਕੇ ਡਾ. ਸੋਨੀਆ ਸ਼ਰਮਾ, ਡਾ. ਅਸ਼ੋਕ ਚੌਧਰੀ, ਪ੍ਰੋ. ਬਿਕਰਮਜੀਤ, ਪ੍ਰੋ. ਸੀਮਾ, ਪ੍ਰੋ. ਨਰਿੰਦਰ ਅਤੇ ਵੱਡੀ ਗਿਣਤੀ ਵਿੱਚ ਐੱਨਐੱਸਐੱਸ ਸਵੈ-ਸੇਵਕ ਆਦਿ ਵੀ ਹਾਜ਼ਰ ਸਨ।