- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਫ਼ਤ ਕੋਚਿੰਗ ਲਈ ਵਿਦਿਆਰਥੀਆਂ ਦਾ ਸਕ੍ਰੀਨਿੰਗ ਟੈੱਸਟ ਲਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਵਿਦਿਆਰਥੀਆਂ ਦੀ ਮੁਫ਼ਤ ਕੋਚਿੰਗ ਲਈ ਚੋਣ ਕਰਨ ਲਈ ਸਕ੍ਰੀਨਿੰਗ ਟੈਸਟ ਲਿਆ ਗਿਆ। ਸਕ੍ਰੀਨਿੰਗ ਟੈਸਟ ਵਿਚ 60 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਦਿਲਚਸਪੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਨਿਯਮਿਤ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਉਚਿਤ ਮਾਰਗਦਰਸ਼ਨ ਅਤੇ ਕੋਚਿੰਗ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਇਹ ਪ੍ਰੋਗਰਾਮ ਟੈਗੋਰ ਅਕੈਡਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਕ੍ਰੀਨਿੰਗ ਟੈੱਸਟ ਦੇ ਨਤੀਜਿਆਂ ਦੇ ਅਧਾਰ ’ਤੇ ਵਿਦਿਆਰਥੀਆਂ ਦੀ ਮੈਰਿਟ ਤਿਆਰ ਕੀਤੀ ਜਾਵੇਗੀ ਅਤੇ ਚੁਣੇ ਗਏ ਵਿਦਿਆਰਥੀਆਂ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਜ. ਸੁਖਮਿੰਦਰ ਸਿੰਘ ਸਕੱਤਰ ਵਿਦਿਆ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵਲੋਂ ਵਿਦਿਆਰਥੀਆਂ ਨੂੰ ਅਜਿਹਾ ਮੰਚ ਪ੍ਰਦਾਨ ਕੀਤਾ ਗਿਆ ਹੈ, ਜਿਥੇ ਉਹ ਆਪਣੀ ਯੋਗਤਾ ਅਤੇ ਸਮਰੱਥਾ ਨੂੰ ਨਿਖਾਰਦੇ ਹੋਏ ਭਵਿੱਖ ਵਿਚ ਹੋਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰੀ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।