- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸ਼ਿਆਰਪੁਰ ’ਚ ਗਰਜੇ ਮੁੱਖ ਮੰਤਰੀ ਭਗਵੰਤ ਮਾਨ, ਵਿਰੋਧੀ ਧਿਰ ’ਤੇ ਕੀਤੇ ਤਿੱਖੇ ਹਮਲੇ

ਦੀਪਕ ਅਗਨੀਹਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਰਖੋਵਾਲ ਵਿਖੇ 154 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਨ ਅਤੇ ਭਗਵੰਤ ਮਾਨ ਨੂੰ ਭੰਡਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਰਹਿ ਗਿਆ। ਉਨ੍ਹਾਂ ਨੇ ਆਪਣੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਸਿਹਤ ਸੇਵਾਵਾਂ ਦੇ ਵਿਸਥਾਰ ਨੂੰ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਦੱਸਿਆ। ਪਿੰਡ ਹਰਖੋਵਾਲ ਵਿਖੇ 154 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਨੂੰ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਸੇਵਾਵਾਂ ਦਾ ਦਾਇਰਾ ਵਧਾਉਣ ਦੇ ਉਪਰਾਲੇ ਵਜੋਂ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਇਲਾਜ ਲਈ ਵੱਡੇ ਖਰਚੇ ਨਾ ਝੱਲਣੇ ਪੈਣ। ਉਨ੍ਹਾਂ ਮੁਤਾਬਿਕ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਆਪਣੇ ਨੇੜੇ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- ਹੋਰ ਸਰਕਾਰ ਆਈ ਤਾਂ ਸਹੂਲਤਾਂ ਬੰਦ ਹੋਣ ਦਾ ਖਦਸ਼ਾ ਪ੍ਰਗਟਾਇਆ
ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਇਹ ਵੀ ਕਿਹਾ ਕਿ ਜੇਕਰ ਸੂਬੇ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਲੋਕਾਂ ਨੂੰ ਮੌਜੂਦਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਹੋਣ ਦਾ ਖਦਸ਼ਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਬਾਰੇ ਸੋਚ-ਵਿਚਾਰ ਕਰਨ ਲਈ ਆਖਿਆ। ਉਨ੍ਹਾਂ ਦੇ ਇਸ ਬਿਆਨ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਅਤੇ ਵੱਖ-ਵੱਖ ਪਾਰਟੀਆਂ ਵਿਚਾਲੇ ਚੱਲ ਰਹੀ ਬਿਆਨਬਾਜ਼ੀ ਦੇ ਸੰਦਰਭ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ।
- ਵਿਰੋਧੀਆਂ ’ਤੇ ਹਮਲੇ
ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਲੋਕਾਂ ਦੇ ਮੁੱਦਿਆਂ ’ਤੇ ਗੱਲ ਕਰਨੀ ਚਾਹੀਦੀ ਹੈ ਅਤੇ ਸੂਬੇ ਦੇ ਵਿਕਾਸ ਲਈ ਆਪਣੀ ਯੋਜਨਾ ਸਾਹਮਣੇ ਰੱਖਣੀ ਚਾਹੀਦੀ ਹੈ। ਉਨ੍ਹਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਹਮਲੇ ਕਰਦਿਆਂ ਕਿਹਾ ਕਿ ਸੂਬੇ ਵਿਚ ਆਪ ਸਰਕਾਰ ਨੂੰ ਭੰਡਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਇੱਕ-ਦੂਜੇ ਨੂੰ ਨਹੀਂ ਭੰਡਦੇ, ਬਲਕਿ ਉਨ੍ਹਾਂ ਦੇ ਦੁਆਲੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਮਹੀਨੇ ੳਨ੍ਹਾਂ ਨੂੰ ਭੰਡਣ ਲਈ ਇਨ੍ਹਾਂ ਕੋਲ ਹੋਰ ਹਨ। ਉਨ੍ਹਾਂ ਕਿਹਾ ਕਿ ਬੇਅਦਬੀਆਂ ਤੋਂ ਲੈ ਕੇ ਹਰ ਲੋਕ ਵਿਰੋਧੀ ਅਤੇ ਧਰਮ ਵਿਰੋਧੀ ਕੰਮ ਕਾਂਗਰਸ ਅਤੇ ਅਕਾਲੀ ਸਰਕਾਰਾਂ ਦੌਰਾਨ ਹੋਇਆ ਹੈ।
- ਪ੍ਰਾਪਤੀਆਂ ਦੀ ਲੰਬੀ ਲਿਸਟ ਗਿਣਵਾ ਕੇ ਦਿੱਤੀ ਚਿਤਾਵਨੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਆਪਣੇ ਆਪ ਵਿਚ ਮੀਲ ਪੱਥਰ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਸਾਰੇ ਪੰਜਾਬ ਵਿਚ ਨਹਿਰੀ ਪਾਣੀ ਕਿਸਾਨਾਂ ਨੂੰ ਦੇਣ ਲਈ 14000 ਕਿਲੋ ਮੀਟਰ ਪਾਈਪਾਂ ਵਿਸ਼ਾ ਦਿੱਤੀਆਂ ਹਨ, ਜਦਿਕ ਆਉਣ ਵਾਲੇ ਸਮੇਂ ਵਿਚ 6000 ਕਿਲੋਮੀਟਰ ਪਾਈਪਾਂ ਹੋਰ ਵਿਛਾਈਆਂ ਜਾਣਗੀਆਂ, ਜਿਸ ਨਾਲ ਨਾ ਸਿਰਫ਼ ਧਰਤੀ ਹੇਠਲਾ ਪਾਣੀ ਬਚੇਗਾ, ਬਲਕਿ ਕਿਸਾਨਾਂ ਦੇ ਉਨਂਦਰੇ ਰਹਿਣ ਦੀ ਆਦਤ ਵੀ ਸੁਧਰੇਗੀ। ਉਨ੍ਹਾਂ ਕਿਹਾ ਉਹ ਪੰਜਾਬ ਵਿਚ 70865 ਨੌਕਰੀਆਂ ਦੇ ਚੁੱਕੇ ਹਨ ਅਤੇ ਸੂਬੇ ਦੇ ਹਰ ਵਿਅਕਤੀ ਨੂੰ ਅਫਸਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਢੀ ਖ਼ੇਤਰ ਵਿਚ ਲਿਫ਼ਟ ਸਿੰਚਾਈ ਯੋਜਨਾ ਤਹਿਤ ਸਿੰਚਾਈ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੀਆਂ ਗੱਲਾਂ ਵਿਚ ਨਾ ਆਉਣ ਨਹੀਂ ਤਾਂ ਸਾਰੀਆਂ ਸਹੂਲਤਾਂ ਬੰਦ ਹੋ ਜਾਣੀਆਂ ਹਨ। ਉਨ੍ਹਾਂ ਔਰਤਾਂ ਨੂੰ ਰਵਾਇਤੀ ਅੰਦਾਜ਼ ’ਚ ਅਪੀਲ ਕੀਤੀ ਕਿ ਉਹ ਵੋਟਾਂ ਵਾਲੀ ਮਸ਼ੀਨ ਦੀ ਟੂੰ ਟੂੰ ਦਾ ਵੀ ਖਿਆਲ ਰੱਖਣ।
- ਡਾ. ਇਸ਼ਾਂਕ ਨੇ ਰੱਖੀ ਮੰਗ
ਇਸ ਤੋਂ ਪਹਿਲਾਂ ਡਾ. ਇਸ਼ਾਂਕ ਨੇ ਆਪਣੇ ਚੱਬੇਵਾਲ ਦੀਆਂ ਪ੍ਰਾਪਤੀਆਂ ਰੱਖਦਿਆਂ ਮੰਗ ਕੀਤੀ ਕਿ ਗ਼ਰੀਬ ਗੁਰਬੇ ਦੇ ਲੋਕਾਂ ਦੇ ਦੁੱਖ ਲਈ ਇੱਕ ਕਮਿਊਨਿਟੀ ਹਾਲ ਬਣਾਉਣ ਦੀ ਮੰਗ ਰੱਖ ਜਿਸ ਨੂੰ ਤੁੰਰਤ ਮੰਨਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਇਸ ਨੂੰ ਬਣਾਉਣ ਲਈ ਕਾਰਵਾਈ ਸ਼ੁਰੂ ਹੋ ਜਾਵੇਗੀ।
- ਕੌਣ-ਕੌਣ ਸਨ ਹਾਜ਼ਰ
ਇਸ ਮੌਕੇ ਡਾ. ਬਲਵੀਰ ਸਿੰਘ ਸਿਹਤ ਮੰਤਰੀ, ਡਾ. ਰਾਜ ਕੁਮਾਰ ਸੰਸਦ, ਡਾ. ਇਸ਼ਾਂਕ ਕੁਮਾਰ ਵਿਧਾਇਕ, ਬ੍ਰਹਮ ਸ਼ੰਕਰ ਜਿੰਪਾ ਵਿਧਾਇਕ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸਐੱਸਪੀ ਸੰਦੀਪ ਕੁਮਾਰ ਮਲਿਕ ਸਮੇਤ ਵੱਡੀ ਗਿਣਤੀ ਵਿਚ ਆਪ ਦੇ ਜ਼ਿਲ੍ਹਾ ਪੱਧਰੀ ਆਗੂ, ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਰਪੰਚ ਪੰਚ ਵੀ ਹਾਜ਼ਰ ਸਨ।