ਸੀਐੱਚਸੀ ਭੂੰਗਾ ਦਾ ਨਿਰੀਖਣ: ਸਿਹਤ ਸੇਵਾਵਾਂ ਦੀ ਗੁਣਵੱਤਾ ’ਤੇ ਜ਼ੋਰ ਸੀ.ਐਚ.ਸੀ. ਭੂੰਗਾ ਦਾ ਨਿਰੀਖਣ: ਸਿਹਤ ਸੇਵਾਵਾਂ ਦੀ ਗੁਣਵੱਤਾ ’ਤੇ ਜ਼ੋਰ
Publish Date: Fri, 27 Nov 2026 03:24 PM (IST)
Updated Date: Fri, 27 Nov 2026 03:25 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਵੱਲੋਂ ਕੱਲ ਸੀ.ਐਚ.ਸੀ. ਭੁੰਗਾ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਟਾਫ਼ ਦੇ ਨਾਲ ਮੀਟਿੰਗ ਕੀਤੀ ਅਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੀਟਿੰਗ ਦੌਰਾਨ ਐਸਐਮਓ ਭੁੰਗਾ ਡਾ. ਸੁਦੇਸ਼ ਰਾਜਨ, ਸਟਾਫ਼ ਨਰਸ, ਐਲਐਚਵੀ, ਏਐਨਐਮ ਤੇ ਐਨਸੀਡੀ ਸਟਾਫ਼ ਹਾਜ਼ਰ ਸੀ। ਉਨ੍ਹਾਂ ਸਿਹਤ ਸੇਵਾਵਾਂ, ਮਾਤਾ-ਬੱਚਾ, ਜਨੇਪਾ, ਏਐਨਸੀ ਚੈਕਅੱਪ, ਹਾਈ ਰਿਸਕ ਤੇ ਐਨਸੀਡੀ ਸਿਹਤ ਸੇਵਾਵਾਂ, ਐਮਰਜੈਂਸੀ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਦੀ ਜਲਦ ਤੋਂ ਜਲਦ ਰਜਿਸਟਰੇਸ਼ਨ ਕਰਵਾਈ ਜਾਵੇ, ਸਮੇਂ ਸਮੇਂ ਤੇ ਹਾਈ ਰਿਸਕ ਕੇਸਾਂ ਦਾ ਫੋਲੋਅੱਪ ਕੀਤਾ ਜਾਵੇ, ਸਾਰੇ ਏ ਐਨ ਸੀ ਚੈੱਕਅੱਪ ਸਮੇਂ ਸਮੇਂ ਤੇ ਕੀਤੇ ਜਾਣ , ਜਣੇਪਾ ਸਰਕਾਰੀ ਹਸਪਤਾਲ ਵਿਖੇ ਕਰਵਾਇਆ ਜਾਵੇ ਅਤੇ ਐਨਸੀਡੀ ਪ੍ਰੋਗਰਾਮ ਅਧੀਨ ਸ਼ੂਗਰ,ਬੀਪੀ ਅਤੇ ਕੈਂਸਰ ਦੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਵੇ। ਉਨ੍ਹਾਂ ਸੀਐਚਸੀ ਵਿਖੇ ਸਿਹਤ ਸੇਵਾਵਾਂ, ਦਵਾਈਆਂ ਦੀ ਉਪਲਬਧਤਾ, ਸਫ਼ਾਈ ਪ੍ਰਬੰਧਾਂ ਅਤੇ ਸਿਹਤ ਸੰਸਥਾ ਦੀ ਸਮੁੱਚੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਸਮੇਂ ਸਿਰ ਅਤੇ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।