- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਲਿਤ ਜਥੇਬੰਦੀਆਂ ਨੇ ਜਿੰਪਾ ਅਤੇ ਰਾਜ ਕੁਮਾਰ, ਇਸ਼ਾਂਕ ਦੇ ਪੁਤਲੇ ਸਾੜੇ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਦਲਿਤ ਜਥੇਬੰਦੀਆਂ ਦੇ ਆਗੂਆਂ ਨੇ ਹੁਸ਼ਿਆਰਪੁਰ ਤੋਂ ਵਿਧਾਇਕ, ਐੱਮਪੀ ਅਤੇ ਚੱਬੇਵਾਲ ਦੇ ਵਿਧਾਇਕ ਦੇ ਪੁਤਲੇ ਸਾੜ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਤਿੰਨੋਂ ਆਗੂ ਲਗਾਤਾਰ ਥਾਣਿਆਂ ਵਿਚ ਦਖ਼ਲਅੰਦਾਜ਼ੀ ਕਰ ਕੇ ਲੋਕਾਂ ਨੂੰ ਇਨਸਾਫ਼ ਨਹੀਂ ਲੈਣ ਦੇ ਰਹੇ। ਉਨ੍ਹਾਂ ਚੱਕਾ ਜਾਮ ਕਰ ਕੇ ਪੁਤਲਾ ਸਾੜਿਆ। ਇਸ ਮੌਕੇ ਦਲਿਤ ਆਗੂਆਂ ਅਨਿਲ ਬਾਘਾ, ਬਿੰਦਰ ਸਰੋਆ, ਆਕਾਸ਼ ਹੀਰ, ਸ਼ੰਮੀ ਸਰੋਆ, ਰਣਜੀਤ ਸਿੰਘ ਲੱਕੀ, ਹੈਰੀ ਇਸਲਾਮਾਬਾਦ, ਮਨੀਸ਼ ਕੌਲ, ਸਾਹਿਲ ਹੰਸ, ਰਵੀ ਮੁੜ੍ਹਲੀ, ਅਮਰਜੀਤ ਬਾਵਾ ਨੇ ਕਿਹਾ ਕਿ ਪੰਜਾਬ ਸਮੇਤ ਹਲਕਾ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਚ ਵਾਪਰੀਆਂ ਘਟਨਾਵਾਂ ਦੌਰਾਨ ਹੁਸ਼ਿਆਰਪੁਰ ਤੋਂ ਮੈਂਬਰ ਪਾਲੀਮੈਂਟ ਡਾ. ਰਾਜ ਕੁਮਾਰ, ਚੱਬੇਵਾਲ ਤੋਂ ਵਿਧਾਇਕ ਡਾ ਇਸ਼ਾਂਕ ਕੁਮਾਰ ਅਤੇ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਲਗਾਤਾਰ ਆਪਣੇ ਹਲਕਿਆਂ ਅਧੀਨ ਪੈਂਦੇ ਥਾਣਿਆਂ ਵਿਚ ਦਖ਼ਲਅੰਦਾਜ਼ੀ ਕਰ ਕੇ ਗ਼ਰੀਬ ਗੁਰਬੇ ਦੇ ਲੋਕਾਂ ਨੂੰ ਇਨਸਾਫ਼ ਲੈਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ, ਜਦਕਿ ਮਾਮਲੇ ਦਰਜ ਕਰਵਾਉਣ ਵਿਚ ਨਾਬਾਲਿਗ ਲੜਕੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ ਵਿਚ ਤਿੰਨਾਂ ਆਗੂਆਂ ਨੇ ਗ਼ਰੀਬ ਦਲਿਤ ਪਰਿਵਾਰਾਂ ਦਾ ਵੀ ਲਿਹਾਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਪ ਦੇ ਸਾਰੇ ਆਗੂ ਆਪਣਾ ਫ਼ਾਇਦਾ ਦੇਖ਼ ਕੇ ਦਖ਼ਲਅੰਦਾਜ਼ੀ ਕਰਨ ਨਾਲ ਆਮ ਲੋਕਾਂ ਦੀ ਥਾਣੇ ਕਚਹਿਰੀਆਂ ਵਿਚ ਹਾਲਤ ਮਾੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਲੁੱਟਾਂ-ਖ਼ੋਹਾਂ, ਕਤਲਾਂ ਅਤੇ ਫਿਰੌਤੀਆਂ ਨਾਲ ਸੜ ਰਿਹਾ ਹੈ, ਜਦਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਹ ਦੋ ਹਲਕੇ ਦੇ ਲੋਕ ਝੂਠੇ ਪਰਚਿਆਂ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਸਾਫ਼ ਲੈਣ ਲਈ ਇੱਕ ਮੰਚ ’ਤੇ ਆਉਣ ਅਤੇ ਇਸ ਸਰਕਾਰ ਨੂੰ ਚੱਲਦਾ ਕਰਨ।