ਹੁਸ਼ਿਆਰਪੁਰ 'ਚ ਹਨੀਟਰੈਪ ਗਿਰੋਹ ਦਾ ਪਰਦਾਫਾਸ਼ : ਔਰਤਾਂ ਦੇ ਪ੍ਰੇਮ ਜਾਲ 'ਚ ਫਸਾ ਕੇ ਬਲੈਕਮੇਲ ਕਰਨ ਤੇ ਫਿਰੌਤੀ ਵਸੂਲਣ ਵਾਲੇ 5 ਖ਼ਿਲਾਫ਼ ਮਾਮਲਾ ਦਰਜ
ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਸਟੇਸ਼ਨਾਂ ’ਤੇ ਔਰਤਾਂ ਦੇ ਅਜਿਹੇ ਗਿਰੋਹ ਸਰਗਰਮ ਹਨ, ਜਿਨ੍ਹਾਂ ਵਿੱਚ ਸ਼ਾਮਲ ਔਰਤਾਂ ਪਹਿਲਾਂ ਮਰਦਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾਉਂਦੀਆਂ ਹਨ
Publish Date: Tue, 11 Aug 2026 12:35 PM (IST)
Updated Date: Tue, 11 Aug 2026 12:39 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਸਟੇਸ਼ਨਾਂ ’ਤੇ ਔਰਤਾਂ ਦੇ ਅਜਿਹੇ ਗਿਰੋਹ ਸਰਗਰਮ ਹਨ, ਜਿਨ੍ਹਾਂ ਵਿੱਚ ਸ਼ਾਮਲ ਔਰਤਾਂ ਪਹਿਲਾਂ ਮਰਦਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾਉਂਦੀਆਂ ਹਨ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ ਨੂੰ ਇੱਕ ਵਿਚ ਬਲਾ ਕੇ ਉਸ ਦੀਆਂ ਤਸਵੀਰਾਂ ਖਿੱਚ ਕੇ ਉਸ ਨੂੰ ਬਲੈਕਮੇਲ ਕਰਦੀਆਂ ਹਨ। ਗੜ੍ਹਸ਼ੰਕਰ ਅਤੇ ਮਾਹਿਲਪੁਰ ਵਿਚ ਅਜਿਹਾ ਗਿਰੋਹ ਲੰਬੇ ਸਮੇਂ ਤੋਂ ਸਰਗਰਮ ਹੈ। ਕਈ ਮਾਮਲਿਆਂ ਵਿਚ ਪੁਲਿਸ ਦੀ ਵੀ ਭਾਗੀਦਾਰੀ ਸਾਹਮਣੇ ਆਈ ਹੈ। ਅਜਿਹੇ ਹੀ ਇੱਕ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੁਰਜੀਤ ਰਾਮ ਪੁੱਤਰ ਗੁਰਦਾਸ ਰਾਮ ਵਾਸੀ ਭੌਰਾ ਥਾਣਾ ਸਦਰ ਬੰਗਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਸੁਨੀਤਾ ਰੱਤੂ ਪਤਨੀ ਕ੍ਰਿਸ਼ਨ ਕੁਮਾਰ ਵਾਸੀ ਬੰਗਾ ਦੇ ਘਰ ਵਿਚ ਕੰਮ ਕਰਨ ਕਾਰਨ ਉਸ ਨਾਲ ਜਾਣ ਪਹਿਚਾਣ ਹੋ ਗਈ ਸੀ। ਉਸ ਨੇ ਦੱਸਿਆ ਕਿ ਉਸ ਨੇ ਇੱਕ ਪੂਨਮ ਰਾਣੀ ਪਤਨੀ ਵੀਰ ਚੰਦ ਵਾਸੀ ਕਰਿਆਮ ਹਾਲ ਅਸਲਮਾਬਾਦ ਨਾਲ ਮਿੱਤਰਤਾ ਕਰਵਾ ਦਿੱਤੀ। ਉਸ ਨੇ ਦੱਸਿਆ ਕਿ ਮਾਰਚ ਮਹੀਨੇ ਪੂਨਮ ਨੇ ਉਸ ਨੂੰ ਘਰ ਬੁਲਾਇਆ ਅਤੇ ਜਦੋਂ ਉਹ ਕੱਪੜੇ ਉਤਾਰ ਰਿਹਾ ਸੀ ਤਾਂ ਉੱਥੇ ਪੂਨਮ ਦਾ ਪਤੀ ਵੀਰ ਚੰਦ, ਸਾਲਾ ਗੌਰਵ ਅੰਦਰ ਆ ਗਏ ਅਤੇ ਆਕੇ ਵੀਡੀਓ ਬਣਾਉਣ ਲੱਗ ਪਏ। ਉਸ ਨੇ ਦੱਸਿਆ ਕਿ ਉਨ੍ਹਾਂ ਉੱਥੇ ਉਸ ਦੀ ਕੁੱਟਮਾਰ ਕਰਕੇ ਉਸ ਕੋਲੋਂ 55 ਹਜ਼ਾਰ ਰੁਪਏ ਵੀ ਖ਼ੋਹ ਲਏ।
ਉਸ ਨੇ ਦੱਸਿਆ ਕਿ ਉੱਥੇ ਸੁਨੀਤ ਰੱਤੂ ਅਤੇ ਗੋਰਾ ਨਾਮਕ ਵਿਅਕਤੀ ਵੀ ਆ ਗਏ ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕਰਕੇ ਉਸ ਕੋਲੋਂ 15 ਲੱਖ ਰੁਪਏ ਦੀ ਮੰਗ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਵੀ ਉਨ੍ਹਾਂ ਉਸ ਨੂੰ ਬਲੈਕਮੇਲ ਕਰਨਾ ਜਾਰੀ ਰੱਖਿਆ ਅਤੇ ਉਸ ਨੂੰ ਡਰਾ ਧਮਕਾ ਕੇ ਉਸ ਕੋਲੋਂ ਇੱਕ ਲੱਖ ਰੁਪਏ ਅਤੇ ਜਮੀਨ ਦੀ ਰਜਿਸਟਰੀ ਵੀ ਲੈ ਲਈ। ਪੁਲਿਸ ਨੇ ਪੰਜਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰਾਂ ਦੇ ਮਾਮਲੇ ਥਾਣਾ ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿੱਚ ਵੀ ਆਏ ਸਨ, ਜਿਨ੍ਹਾਂ ਵਿਚ ਮੋਹਤਵਰ ਵਿਅਕਤੀਆਂ ਨੇ ਰਾਜੀਨਾਮੇ ਕਰਵਾ ਦਿੱਤੇ ਸਨ। ਇਸ ਸਬੰਧੀ ਮਾਮਲੇ ਦੀ ਪੜਤਾਲ ਕਰ ਰਹੇ ਥਾਣੇਦਾਰ ਸੇਵਾ ਦਾਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹੀ ਹੋਰ ਖ਼ੁਲਾਸੇ ਹੋਣਗੇ।