ਸੀਐਚਸੀ ਬੀਣੇਵਾਲ ਵਿਖੇ ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ ਮਹੀਨਾ ਮਨਾਇਆ
ਸੀਐਚਸੀ ਬੀਣੇਵਾਲ ਵਿਖੇ ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ ਮਹੀਨਾ ਮਨਾਇਆ
Publish Date: Tue, 03 Nov 2026 03:27 PM (IST)
Updated Date: Tue, 03 Nov 2026 03:29 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਡਾ. ਮਨਦੀਪ ਕਮਲ, ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ ਨਿਰਮਲ ਕੁਮਾਰ ਐਸ ਐਮ ਓ ਸੀ.ਐੱਚ.ਸੀ. ਬੀਣੇਵਾਲ ਦੀ ਅਗਵਾਈ ਹੇਠ ਸੀ ਐਚ ਸੀ ਬੀਣੇਵਾਲ ਵਿਖੇ ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ ਮਹੀਨੇ ਤਹਿਤ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਮੌਕੇ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ, ਸਮੇਂ ਸਿਰ ਜਾਂਚ ਦੀ ਮਹੱਤਤਾ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਾਹਿਰ ਡਾਕਟਰ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਛਾਤੀ ਵਿੱਚ ਗੰਢ ਜਾਂ ਸੋਜ, ਨਿੱਪਲ ਵਿੱਚ ਬਦਲਾਅ, ਛਾਤੀ ਦੀ ਚਮੜੀ ਵਿੱਚ ਤਬਦੀਲੀ ਜਾਂ ਦਰਦ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਔਰਤਾਂ ਨੂੰ ਨਿਯਮਿਤ ਸਿਹਤ ਜਾਂਚ ਕਰਵਾਉਣ ਅਤੇ ਕਿਸੇ ਵੀ ਸ਼ੱਕੀ ਲੱਛਣ ਦੀ ਸੂਰਤ ਵਿੱਚ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀ ਐਚ ਸੀ ਬੀਣੇਵਾਲ ਦੇ ਡਾ ਗੁਰਪ੍ਰਤਾਪ ਸਿੰਘ, ਡਾ ਸੰਨੀ ਚੌਧਰੀ, ਡਾ ਪਲਵੀ, ਸਟਾਫ ਨਰਸ ਵੀਨਾ ਸੋਨੀ, ਫਾਰਮੇਸੀ ਅਫਸਰ ਨਮਰਤਾ, ਰੇਡੀਓਗਰਾਫਰ ਰਾਜ ਰਾਣੀ ਅਤੇ ਹੋਰ ਸਟਾਫ਼ ਹਾਜਰ ਸੀ।