- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ

ਦੀਪਕ ਅਗਨੀਹੋਤਰੀ/ਸਤਨਾਮ ਲੋਈ, ਪੰਜਾਬੀ ਜਾਗਰਣ
ਹੁਸ਼ਿਆਰਪੁਰ/ਮਾਹਿਲਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਬਾੜੀਆਂ ਕਲਾਂ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਇੱਟਾਂ ਰੋੜੇ ਮਾਰ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੱਤ ਦੀ ਭੰਨਤੋੜ ਕਰ ਕੇ ਬੇਅਦਬੀ ਕੀਤੀ। ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਪੱਥਰਬਾਜ਼ੀ ਕਾਰਨ ਬਾਬਾ ਸਾਹਿਬ ਜੀ ਦੇ ਬੱਤ ਦੀ ਇੱਕ ਉਂਗਲ, ਕੰਨ ਅਤੇ ਐਨਕਾਂ ਨੂੰ ਨੁਕਸਾਨ ਪੁੱਜਾ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਖ਼ਬਰ ਦਾ ਪਤਾ ਲੱਗਦੇ ਹੀ ਦਲਿਤ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਉੱਥੇ ਇੱਕਠੇ ਹੋਏ ਜਿਨ੍ਹਾਂ ਰੋਸ ਵਜੋਂ ਉੱਥੇ ਹੀ ਧਰਨਾ ਲਗਾ ਦਿੱਤਾ।
ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਬਾੜੀਆਂ ਕਲਾਂ ਵਿੱਚ ਸਥਿਤ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ’ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਕੇ ਮੂਰਤੀ ਦੀ ਉਂਗਲ, ਚਿਹਰੇ ਦਾ ਹਿੱਸਾ ਅਤੇ ਐਨਕਾਂ ਤੋੜ ਦਿੱਤੀਆਂ ਗਈਆਂ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਦਲਿਤ ਸਮਾਜ ਦੇ ਆਗੂਆਂ ਅਨਿਲ ਬਾਘਾ, ਪਲਵਿੰਦਰ ਮਾਨਾ, ਕੁਲਵੰਤ ਭੂੰਨੋ ਸਮੇਤ ਹੋਰ ਆਗੂਆਂ ਨੇ ਇਸ ਘਟਨਾ ਨੂੰ ਭਾਈਚਾਰਕ ਸਾਂਝ ਨੂੰ ਵੰਡਣ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਦੋਸ਼ ਲਗਾਇਆ ਲਗਾਇਆ ਹੈ ਕਿ ਪੰਜਾਬ ਵਿੱਚ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਇੱਕ ਸਿਆਸੀ ਸਾਜ਼ਿਸ਼ ਤਹਿਤ ਅਜਿਹੀਆਂ ਘਟਨਾਵਾਂ ਨੂੰ ਵਾਰ-ਵਾਰ ਅੰਜਾਮ ਦਿੱਤਾ ਜਾ ਰਿਹਾ ਹੈ। ਸਮਾਜਿਕ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਲਿਤ ਸਮਾਜ ਵੱਲੋਂ ਵੱਡੇ ਪੱਧਰ ’ਤੇ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅੱਜ ਸਵੇਰੇ ਬਾਅਦ ਵੱਖਵਾਦੀ ਅਤੇ ਅਮਰੀਕਾ ਵਿਚ ਰਹਿ ਰਹੇ ਗੁਰਪ੍ਰਤਾਪ ਸਿੰਘ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਧਮਕੀ ਦਿੱਤੀ ਕਿ ਭਵਿੱਖ ਵਿਚ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
ਮੌਕੇ ’ਤੇ ਪਹੁੰਚੇ ਡੀਐੱਸਪੀ ਭਾਰਤ ਭੂਸ਼ਣ ਸੈਣੀ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਦੋਸ਼ੀਆਂ ਦੀ ਪਛਾਣ ਲਈ ਆਲੇ-ਦੁਆਲੇ ਦੀਆਂ ਇਲਾਕਾ ਵੀਡੀਓਜ਼ ਅਤੇ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਦਲਿਤ ਆਗੂ ਅਨਿਲ ਬਾਘਾ ਨੇ ਮੌਕੇ ’ਤੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਤੁਰੰਤ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਤਾਂ ਉਹ ਹੁਸ਼ਿਆਰਪੁਰ ਵਿਖੇ ਵੱਡਾ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਬੇਅਦਬੀ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਇਹ ਕਾਂਡ ਹੋ ਗਿਆ। ਉਨ੍ਹਾਂ ਕਿਹਾ ਕਿ ਦਲਿਤ ਜਥੇਬੰਦੀਆਂ ਦੀ ਵੱਡੀ ਮੀਟਿੰਗ ਕਰ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ।