ਨੌਜਵਾਨਾਂ ਨੂੰ ਸਿਆਸਤ ਦੇ ਮੋਹਰੇ ਨਹੀਂ, ਦੇਸ਼ ਦੇ ਜ਼ਿੰਮੇਵਾਰ ਆਗੂ ਬਣਨ ਦੀ ਲੋੜ : ਡਾ. ਸਾਹਿਲ ਨੌਜਵਾਨਾਂ ਨੂੰ ਸਿਆਸਤ ਦੇ ਮੋਹਰੇ ਨਹੀਂ, ਦੇਸ਼ ਦੇ ਜ਼ਿੰਮੇਵਾਰ ਆਗੂ ਬਣਨ ਦੀ ਲੋੜ : ਡਾ. ਧਰਮਪਾਲ ਸਾਹਿਲ
Publish Date: Sun, 06 Sep 2026 06:49 PM (IST)
Updated Date: Sun, 06 Sep 2026 06:52 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਅੱਜ ਦੇ ਨੌਜਵਾਨ ਦਾ ਰਾਜਨੀਤੀ ਵੱਲ ਵਧਦਾ ਰੁਝਾਨ ਦੇਸ਼ ਦੇ ਲੋਕਤੰਤਰ ਲਈ ਚੰਗਾ ਸੰਕੇਤ ਹੈ, ਪਰ ਉਨ੍ਹਾਂ ਨੂੰ ਸਹੀ ਦਿਸ਼ਾ ਅਤੇ ਸਿਆਸੀ ਸੋਚ ਦੇਣ ਦੀ ਵੀ ਓਨੀ ਹੀ ਲੋੜ ਹੈ। ਨੌਜਵਾਨਾਂ ਨੂੰ ਸਿਆਸਤ ਦੇ ਮੋਹਰੇ ਬਣਨ ਦੀ ਬਜਾਏ ਦੇਸ਼ ਅਤੇ ਸਮਾਜ ਦੀ ਸੇਵਾ ਲਈ ਜ਼ਿੰਮੇਵਾਰ ਆਗੂ ਬਣਨਾ ਚਾਹੀਦਾ ਹੈ। ਇਹ ਵਿਚਾਰ ਪ੍ਰਸਿੱਧ ਨਾਵਲਕਾਰ ਅਤੇ ਰਾਸ਼ਟਰਪਤੀ ਐਵਾਰਡ ਵਿਜੇਤਾ ਡਾ. ਧਰਮਪਾਲ ਸਾਹਿਲ ਨੇ ਲੇਖਕ ਸੰਜੀਵ ਤਲਵਾੜ ਦੀ ਕਿਤਾਬ ‘ਜੈਨ ਜੀ ਦੇਸ਼ ਦਾ ਭਵਿੱਖ ਬਨਾਮ ਸਿਆਸਤ ਦੇ ਮੋਹਰੇ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਪ੍ਰਗਟ ਕੀਤੇ। ਡਾ. ਧਰਮਪਾਲ ਸਾਹਿਲ ਨੇ ਕਿਹਾ ਕਿ ਅੱਜ ਨੌਜਵਾਨ ਰਾਜਨੀਤੀ ਨੂੰ ਸ਼ੋਹਰਤ ਦਾ ਮਾਧਿਅਮ ਸਮਝ ਕੇ ਇਸ ਖੇਤਰ ਵੱਲ ਆਕਰਸ਼ਿਤ ਹੋ ਰਹੇ ਹਨ। ਅਜਿਹੇ ਸਮੇਂ ਵਿੱਚ ਉਨ੍ਹਾਂ ਨੂੰ ਲੋਕਤੰਤਰ, ਰਾਜਨੀਤੀ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੀ ਸਮਝ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੰਜੀਵ ਤਲਵਾੜ ਦੀ ਇਹ ਕਿਤਾਬ ਨੌਜਵਾਨਾਂ ਲਈ ਮਾਰਗ ਦਰਸ਼ਕ ਸਾਬਤ ਹੋਵੇਗੀ। ਡਾ. ਅਜੇ ਬੱਗਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਮਾਜ ਅਤੇ ਦੇਸ਼ ਦੇ ਹੋਰ ਖੇਤਰਾਂ ਵਿੱਚ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚੀ ਅਤੇ ਸੁੱਚੀ ਰਾਜਨੀਤੀ ਨੂੰ ਆਪਣਾ ਲਕਸ਼ ਬਣਾਉਣ ਨਾਲ ਹੀ ਦੇਸ਼ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ। ਇਸ ਮੌਕੇ ਸੰਜੀਵ ਤਲਵਾੜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਦੇ ਤਜਰਬਿਆਂ ਦੇ ਆਧਾਰ ’ਤੇ ਰਾਜਨੀਤੀ ਵਿੱਚ ਨੌਜਵਾਨਾਂ ਦੀ ਮਹੱਤਤਾ, ਉਨ੍ਹਾਂ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਅਤੇ ਉੱਚੇ ਸਿਆਸੀ ਮਿਆਰ ਸਥਾਪਤ ਕਰਨ ਲਈ ਲੋੜੀਂਦੇ ਕਦਮਾਂ ਬਾਰੇ ਵਿਚਾਰ ਪੇਸ਼ ਕੀਤੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਿਤਾਬ ਰਾਜਨੀਤੀ ਰਾਹੀਂ ਸਮਾਜ ਸੇਵਾ ਕਰਨਾ ਚਾਹੁੰਦੇ ਹਜ਼ਾਰਾਂ ਨੌਜਵਾਨਾਂ ਲਈ ਲਾਭਦਾਇਕ ਸਾਬਤ ਹੋਵੇਗੀ। ਸਮਾਗਮ ਦੇ ਅਖੀਰ ਵਿੱਚ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਜੰਡਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੀ ਸਿਆਸਤ ਵਿੱਚ ਨੌਜਵਾਨਾਂ ਦੇ ਸੁਚੱਜੇ ਕਿਰਦਾਰ ਅਤੇ ਸਾਫ਼-ਸੁਥਰੀ ਸੋਚ ਦੀ ਬਹੁਤ ਲੋੜ ਹੈ। ਸਮਾਗਮ ਵਿੱਚ ਵਕੀਲਾਂ, ਡਾਕਟਰਾਂ, ਇੰਜੀਨੀਅਰਾਂ, ਪੱਤਰਕਾਰਾਂ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਪਤਵੰਤੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ।