ਬੀਐੱਡ ਕਾਲਜ ਡੱਲੇਵਾਲ ਵਿਖੇ ਲਾਇਆ ਪੁਸਤਕ ਮੇਲਾ ਬੀਐੱਡ ਕਾਲਜ ਡੱਲੇਵਾਲ ਦਾ ਪੁਸਤਕ ਮੇਲਾ ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਲਈ ਬਣਿਆ ਸਾਹਿਤਕ ਤੋਹਫ਼ਾ
Publish Date: Wed, 11 Nov 2026 03:03 PM (IST)
Updated Date: Wed, 11 Nov 2026 03:06 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਗੁਰੂ ਨਾਨਕ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਵਿਖੇ ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਦਸਵਾਂ ਪੁਸਤਕ ਮੇਲਾ ਅਤੇ ਵਿਰਾਸਤੀ ਉਤਸਵ ਯਾਦਗਾਰੀ ਹੋ ਨਿਬੜਿਆ। ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਇੰਜੀ. ਪ੍ਰਭਜੀਤ ਸਿੰਘ ਦੀ ਅਗਵਾਈ ਅਤੇ ਬੀਐੱਡ ਕਾਲਜ ਦੇ ਪ੍ਰਿੰਸੀਪਲ ਡਾ. ਧੀਰਜ ਕੁਮਾਰ ਦੀ ਦੇਖ-ਰੇਖ ਹੇਠ ਸੰਪੰਨ ਹੋਏ ਇਸ ਦੋ ਰੋਜ਼ਾ ਸਮਾਗਮ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਲੋਕ ਸੰਗੀਤ, ਗਿੱਧਾ, ਭੰਗੜਾ, ਕੋਰੀਓਗ੍ਰਾਫੀ ਅਤੇ ਨੁੱਕੜ ਨਾਟਕਾਂ ਰਾਹੀਂ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ। ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਾਹਿਤ ਪ੍ਰੇਮੀਆਂ ਨੂੰ ਕਵਿਤਾ, ਕਹਾਣੀ, ਨਾਵਲ, ਸਮਾਜ ਸ਼ਾਸਤਰ, ਮਨੋਵਿਗਿਆਨ, ਰਾਜਨੀਤੀ ਅਤੇ ਮੁਕਾਬਲਿਆਂ ਦੀ ਤਿਆਰੀ ਨਾਲ ਸਬੰਧਤ ਪੁਸਤਕਾਂ ਵਾਜਬ ਕੀਮਤਾਂ ਤੇ ਖਰੀਦਣ ਦਾ ਮੌਕਾ ਮਿਲਿਆ। ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਲਈ ਵੀ ਅਨੇਕਾਂ ਲਾਹੇਵੰਦ ਪੁਸਤਕਾਂ ਖਰੀਦੀਆਂ ਗਈਆਂ। ਇੰਜੀ. ਪ੍ਰਭਜੀਤ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਪੰਜਾਬੀ ਮਾਂ-ਬੋਲੀ ਦੀ ਸੰਭਾਲ ਅਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ। ਪ੍ਰਿੰਸੀਪਲ ਡਾ. ਧੀਰਜ ਕੁਮਾਰ ਅਤੇ ਪੰਜਾਬੀ ਵਿਕਾਸ ਮੰਚ ਦੀ ਟੀਮ ਨੇ ਵੀ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।