ਹਿਮਾਚਲ ਤੋਂ ਪੰਜਾਬ ਵੱਲ ਵਗਿਆ ਕਾਲਾ 'ਜ਼ਹਿਰ'! ਸਾਬਣ ਫੈਕਟਰੀ ਦੇ ਦੂਸ਼ਿਤ ਪਾਣੀ ਨਾਲ ਧਰਤੀ ਹੇਠਲਾ ਪਾਣੀ ਖ਼ਤਰੇ 'ਚ; ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ ਪੰਜਾਬ-ਹਿਮਾਚਲ ਹੱਦ ਨੇੜੇ ਹਿਮਾਚਲ ਦੇ ਪਿੰਡ ਗੋਂਦਪੁਰ ’ਚ ਲੱਗੀ ਸਾਬਣ ਫੈਕਟਰੀ ਵੱਲੋਂ ਕਥਿਤ ਤੌਰ ’ਤੇ ਛੱਡਿਆ ਜਾ ਰਿਹਾ ਕੈਮੀਕਲ ਯੁਕਤ ਕਾਲਾ ਪਾਣੀ ਪੰਜਾਬ ਦੇ ਕੰਢੀ ਖੇਤਰ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਪਾਣੀ ਪੰਜਾਬ ਦੇ ਪਿੰਡ ਮੈਹਿੰਦਵਾਣੀ ਤੇ ਬੀਣੇਵਾਲ ਵੱਲ ਵਗਣ ਕਾਰਨ ਵਾਤਾਵਰਨ, ਬਨਸਪਤੀ ਅਤੇ ਧਰਤੀ ਹੇਠਲੇ ਪਾਣੀ ’ਤੇ ਮਾੜਾ ਅਸਰ ਪੈ ਰਿਹਾ ਹੈ।
Publish Date: Sat, 05 Sep 2026 11:30 AM (IST)
Updated Date: Sat, 05 Sep 2026 11:32 AM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ-ਹਿਮਾਚਲ ਹੱਦ ਨੇੜੇ ਹਿਮਾਚਲ ਦੇ ਪਿੰਡ ਗੋਂਦਪੁਰ ’ਚ ਲੱਗੀ ਸਾਬਣ ਫੈਕਟਰੀ ਵੱਲੋਂ ਕਥਿਤ ਤੌਰ ’ਤੇ ਛੱਡਿਆ ਜਾ ਰਿਹਾ ਕੈਮੀਕਲ ਯੁਕਤ ਕਾਲਾ ਪਾਣੀ ਪੰਜਾਬ ਦੇ ਕੰਢੀ ਖੇਤਰ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਪਾਣੀ ਪੰਜਾਬ ਦੇ ਪਿੰਡ ਮੈਹਿੰਦਵਾਣੀ ਤੇ ਬੀਣੇਵਾਲ ਵੱਲ ਵਗਣ ਕਾਰਨ ਵਾਤਾਵਰਨ, ਬਨਸਪਤੀ ਅਤੇ ਧਰਤੀ ਹੇਠਲੇ ਪਾਣੀ ’ਤੇ ਮਾੜਾ ਅਸਰ ਪੈ ਰਿਹਾ ਹੈ।
ਜੰਗਲ ’ਚ ਵਗ ਰਿਹੈ ਦੂਸ਼ਿਤ ਪਾਣੀ ਪਿੰਡ ਵਾਸੀਆਂ ਮੁਤਾਬਕ ਫੈਕਟਰੀ ਤੋਂ ਰੋਜ਼ਾਨਾ ਗੰਦਾ ਪਾਣੀ ਛੱਡਿਆ ਜਾਂਦਾ ਹੈ ਅਤੇ ਮੀਂਹ ਦੌਰਾਨ ਇਸ ਦੀ ਮਾਤਰਾ ਹੋਰ ਵਧ ਜਾਂਦੀ ਹੈ। ਮੌਕੇ ’ਤੇ ਸੜਕ ’ਤੇ ਕਰੀਬ ਦੋ ਫੁੱਟ ਤੱਕ ਕਾਲਾ ਪਾਣੀ ਵਗਦਾ ਦੇਖਿਆ ਗਿਆ, ਜੋ ਅੱਗੇ ਜੰਗਲ ਵੱਲ ਜਾਂਦਾ ਹੈ। ਸਾਬਕਾ ਸਰਪੰਚ ਦਵਿੰਦਰ ਰਾਣਾ ਤੇ ਲੇਬਰ ਪਾਰਟੀ ਦੇ ਪ੍ਰਧਾਨ ਜੈਗੋਪਾਲ ਧੀਮਾਨ ਨੇ ਦੋਸ਼ ਲਾਇਆ ਕਿ ਪਾਣੀ ਕਾਰਨ ਖੱਡਾਂ ਨੇੜੇ ਦਰੱਖਤ ਸੁੱਕ ਰਹੇ ਹਨ ਅਤੇ ਜੰਗਲੀ ਜੀਵਾਂ ਤੇ ਪਸ਼ੂਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਛੇ ਸਾਲਾਂ ਤੋਂ ਇਹ ਸਮੱਸਿਆ ਜਾਰੀ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤਾ ਕਾਰਵਾਈ ਦਾ ਭਰੋਸਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੁਸ਼ਿਆਰਪੁਰ ਕਾਰਜਕਾਰੀ ਇੰਜੀਨੀਅਰ ਨਿਖਿਲ ਗੁਪਤਾ ਨੇ ਕਿਹਾ ਕਿ ਮਾਮਲਾ ਹਿਮਾਚਲ ਹਾਈ ਕੋਰਟ ਅਤੇ ਐੱਨਜੀਟੀ ਤੱਕ ਪਹੁੰਚ ਚੁੱਕਾ ਹੈ। ਐੱਨਜੀਟੀ ਨੇ ਮਾਮਲਾ ਇਸ ਆਧਾਰ ’ਤੇ ਬੰਦ ਕੀਤਾ ਕਿ ਕੇਸ ਪਹਿਲਾਂ ਹੀ ਹਾਈ ਕੋਰਟ ’ਚ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਐੱਸਡੀਓ ਨੂੰ ਮੌਕੇ ’ਤੇ ਭੇਜ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਧਰ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਵਿੰਦਰ ਰਾਣਾ, ਅਸ਼ਵਨੀ ਰਾਣਾ, ਕੁਲਭੂਸ਼ਨ ਕੁਮਾਰ, ਅਮਨਦੀਪ ਚੇਚੀ, ਰਾਮਜੀ ਦਾਸ ਚੌਹਾਨ, ਗਰੀਬ ਦਾਸ ਬੀਟਨ ਤੇ ਮਾਸਟਰ ਪਵਨ ਸ਼ਰਮਾ ਨੇ ਕਿਹਾ ਕਿ ਪੌਣ-ਪਾਣੀ ਤੇ ਬਨਸਪਤੀ ਦੀ ਰੱਖਿਆ ਲਈ ਜਲਦ ਸੰਘਰਸ਼ ਵਿੱਢਿਆ ਜਾਵੇਗਾ।