ਖਿਡਾਰੀਆਂ ਨੇ ਚਾਰ ਸਟੇਟ ਪੱਧਰੀ ਤਮਗੇ ਜਿੱਤ ਕੇ ਵਧਾਇਆ ਮਾਣ ਭੇਲਾ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੇ ਚਾਰ ਸਟੇਟ ਪੱਧਰੀ ਤਮਗੇ ਜਿੱਤ ਕੇ ਵਧਾਇਆ ਮਾਣ
Publish Date: Sat, 28 Nov 2026 03:46 PM (IST)
Updated Date: Sat, 28 Nov 2026 03:49 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਭੇਲਾ ਸਪੋਰਟਸ ਅਕੈਡਮੀ ਭੰਗਾਲਾ ਦੇ ਖਿਡਾਰੀਆਂ ਨੇ ਸਟੇਟ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਮਗੇ ਜਿੱਤ ਕੇ ਅਕੈਡਮੀ, ਆਪਣੇ ਮਾਪਿਆਂ ਅਤੇ ਕੋਚਾਂ ਦਾ ਨਾਮ ਰੌਸ਼ਨ ਕੀਤਾ ਹੈ। ਮੁੱਖ ਪ੍ਰਬੰਧਕ ਹਰਪ੍ਰੀਤ ਸਿੰਘ ਭੇਲਾ ਨੇ ਦੱਸਿਆ ਕਿ ਅਕੈਡਮੀ ਦੀ ਹੋਣਹਾਰ ਖਿਡਾਰਨ ਇਨਾਇਆ ਮਹਾਜਨ ਨੇ ਪ੍ਰਾਇਮਰੀ ਸਕੂਲ ਸਟੇਟ ਗੇਮਜ਼ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਤਵਲੀਨ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਸਟੇਟ ਗੇਮਜ਼ ਦੇ ਅੰਡਰ-17 ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਪ੍ਰਾਚੀ ਸੈਣੀ ਨੇ ਅੰਡਰ-21 ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ, ਜਦਕਿ ਧਰੁਵ ਸੈਣੀ ਨੇ ਅੰਡਰ-14 ਲੜਕਿਆਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਮੌਕੇ ਹਰਪ੍ਰੀਤ ਸਿੰਘ ਭੇਲਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਕੈਡਮੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਉੱਚ ਪੱਧਰੀ ਸਿਖਲਾਈ, ਬਿਹਤਰ ਸਹੂਲਤਾਂ ਅਤੇ ਖੇਡਾਂ ਦੇ ਢੁੱਕਵੇਂ ਮੌਕੇ ਪ੍ਰਦਾਨ ਕਰਕੇ ਸੂਬਾ ਅਤੇ ਕੌਮੀ ਪੱਧਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਇਸ ਸਫਲਤਾ ਦਾ ਸਿਹਰਾ ਕੋਚ ਅਮਿਤ ਕੁਮਾਰ ਅਤੇ ਕੋਚ ਰੋਹਨ ਕੁਮਾਰ ਦੀ ਸਖ਼ਤ ਮਿਹਨਤ ਤੇ ਯੋਗ ਰਹਿਨੁਮਾਈ ਨੂੰ ਵੀ ਦਿੱਤਾ। ਅਕੈਡਮੀ ਵੱਲੋਂ ਖਿਡਾਰੀਆਂ ਦੇ ਮਾਪਿਆਂ, ਕੋਚਾਂ ਅਤੇ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ।