ਸੰਤੁਲਿਤ ਖੁਰਾਕ ਤੇ ਕਸਰਤ ਦਿਲ ਦੀ ਸਿਹਤ ਲਈ ਜ਼ਰੂਰੀ : ਡਾ. ਲਖਬੀਰ
ਸੰਤੁਲਿਤ ਖੁਰਾਕ ਤੇ ਕਸਰਤ ਦਿਲ ਦੀ ਸਿਹਤ ਲਈ ਜ਼ਰੂਰੀ: ਡਾ. ਲਖਬੀਰ ਸਿੰਘ
Publish Date: Sat, 28 Nov 2026 04:00 PM (IST)
Updated Date: Sat, 28 Nov 2026 04:02 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਅਜੋਕੀ ਭੱਜ-ਦੌੜ ਭਰੀ ਜੀਵਨ ਸ਼ੈਲੀ, ਗੈਰ-ਸਿਹਤਮੰਦ ਖਾਣ-ਪੀਣ ਅਤੇ ਕਸਰਤ ਦੀ ਘਾਟ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ। ਦਿਲ ਦਾ ਦੌਰਾ ਗੰਭੀਰ ਅਤੇ ਜਾਨਲੇਵਾ ਸਥਿਤੀ ਹੈ, ਜਿਸ ਵਿੱਚ ਸਮੇਂ ਸਿਰ ਇਲਾਜ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਸਿਵਲ ਹਸਪਤਾਲ ਮੁਕੇਰੀਆਂ ਦੇ ਮਾਹਿਰ ਡਾ. ਲਖਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵਧਿਆ ਕੋਲੈਸਟ੍ਰੋਲ, ਮੋਟਾਪਾ, ਸਿਗਰਟਨੋਸ਼ੀ ਅਤੇ ਸਰੀਰਕ ਕਸਰਤ ਦੀ ਘਾਟ ਦਿਲ ਦੇ ਦੌਰੇ ਦੇ ਮੁੱਖ ਜੋਖਮ ਕਾਰਕ ਹਨ। ਛਾਤੀ ਵਿੱਚ ਦਰਦ ਜਾਂ ਜਕੜਨ, ਸਾਹ ਲੈਣ ਵਿੱਚ ਮੁਸ਼ਕਲ, ਠੰਡਾ ਪਸੀਨਾ, ਚੱਕਰ ਆਉਣਾ ਅਤੇ ਦਰਦ ਦਾ ਬਾਹਾਂ ਜਾਂ ਜਬਾੜੇ ਤੱਕ ਫੈਲਣਾ ਇਸ ਦੇ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਤਾਜ਼ੇ ਫਲ ਅਤੇ ਸਾਬਤ ਅਨਾਜ ਸ਼ਾਮਲ ਕੀਤੇ ਜਾਣ। ਤਲੇ ਹੋਏ ਭੋਜਨ, ਫਾਸਟ ਫੂਡ, ਵੱਧ ਨਮਕ ਅਤੇ ਖੰਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਿਯਮਿਤ ਕਸਰਤ, ਪੂਰੀ ਨੀਂਦ ਅਤੇ ਸਿਹਤ ਦੀ ਸਮੇਂ-ਸਮੇਂ ’ਤੇ ਜਾਂਚ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਵਿੱਚ ਸਹਾਇਕ ਹਨ।