- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵੱਲੋਂ ਅਕਾਦਮਿਕ ਹਾਈਟ ਪਬਲਿਕ ਸਕੂਲ ਚੱਗਰਾਂ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਲਾਜ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਕੇਂਦਰ ਦੇ ਕਾਊਂਸਲਰ ਪ੍ਰਸ਼ਾਂਤ ਆਦੀਆ ਨੇ ਕਿਹਾ ਕਿ ਨਸ਼ੇ ਦੀ ਲਤ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਨਾਲ-ਨਾਲ ਪਰਿਵਾਰਕ ਜੀਵਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਨਾਲ ਭੇਦਭਾਵ ਕਰਨ ਦੀ ਬਜਾਏ ਉਨ੍ਹਾਂ ਨੂੰ ਇਲਾਜ ਅਤੇ ਪਰਿਵਾਰਕ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਤੰਬਾਕੂ, ਸਿਗਰਟ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਟੈਲੀ-ਮਾਨਸ ਹੈਲਪਲਾਈਨ, ਹੁਸ਼ਿਆਰਪੁਰ ਅਤੇ ਦਸੂਹਾ ਦੇ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਮੁਕਤੀ ਸੇਵਾਵਾਂ ਅਤੇ ਮੁੜ ਵਸੇਬਾ ਕੇਂਦਰ ਦੀਆਂ ਸਹੂਲਤਾਂ ਬਾਰੇ ਵੀ ਦੱਸਿਆ। ਸਕੂਲ ਪ੍ਰਿੰਸੀਪਲ ਬਿੰਦੀਆ ਮਲਿਕ ਨੇ ਉਪਰਾਲੇ ਦੀ ਸ਼ਲਾਘਾ ਕੀਤੀ। ਅੰਤ ਵਿੱਚ ਗੁਰਦੀਪ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਹੁੰ ਚੁਕਾਈ। ਇਸ ਮੌਕੇ ਡੀਨ ਰੀਤਿਕਾ ਮਹਿਤਾ ਸਮੇਤ ਸਮੂਹ ਸਟਾਫ਼ ਹਾਜ਼ਰ ਸਨ।