ਪੁਲਿਸ ਦੀ ਵੱਡੀ ਕਾਰਵਾਈ: ਨਸ਼ੇ ਦਾ ਸੇਵਨ ਕਰਦੇ 3 ਨੌਜਵਾਨ ਕਾਬੂ, ਮੌਕੇ ਤੋਂ ਨਸ਼ੀਲੇ ਪਦਾਰਥ ਬਰਾਮਦ, ਮਾਮਲਾ ਦਰਜ
ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਚਲਾਈ ਗਈ ਸਖ਼ਤ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਵਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਦੌਰਾਨ ਤਿੰਨ ਨੌਜਵਾਨਾਂ ਨੂੰ ਜਨਤਕ ਥਾਵਾਂ ’ਤੇ ਨਸ਼ੇ ਦਾ ਸੇਵਨ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
Publish Date: Mon, 01 Jun 2026 12:59 PM (IST)
Updated Date: Mon, 01 Jun 2026 01:02 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਚਲਾਈ ਗਈ ਸਖ਼ਤ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਵਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਦੌਰਾਨ ਤਿੰਨ ਨੌਜਵਾਨਾਂ ਨੂੰ ਜਨਤਕ ਥਾਵਾਂ ’ਤੇ ਨਸ਼ੇ ਦਾ ਸੇਵਨ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
ਕਾਰ ਪਾਰਕਿੰਗ ਦੇ ਉਹਲੇ ਛਾਪੇਮਾਰੀ, ਦੋ ਸਕੇ ਭਰਾ ਕਾਬੂ
ਪੁਲਿਸ ਮੁਤਾਬਕ ਥਾਣਾ ਸਿਟੀ ਦੇ ਏ.ਐੱਸ.ਆਈ. ਨਾਨਕ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਚੈਕਿੰਗ ਲਈ ਇੱਕ ਪ੍ਰਾਈਵੇਟ ਵਾਹਨ ’ਤੇ ਸਵਾਰ ਹੋ ਕੇ ਗਸ਼ਤ ਕਰ ਰਹੇ ਸਨ। ਇਹ ਪੁਲਿਸ ਪਾਰਟੀ ਜਦੋਂ ਥਾਣਾ ਸਿਟੀ ਤੋਂ ਹੁੰਦੀ ਹੋਈ ਕੱਚਾ ਟੋਬਾ ਇਲਾਕੇ ਵੱਲ ਜਾ ਰਹੀ ਸੀ ਤਾਂ ਲੇਬਰ ਸ਼ੈਡ ਦੀ ਬੈਕਸਾਈਡ ਬਣੀ ਕਾਰ ਪਾਰਕਿੰਗ ਨੇੜੇ ਪੁਲਿਸ ਨੂੰ ਕੁਝ ਸ਼ੱਕੀ ਹਲਚਲ ਦਿਖਾਈ ਦਿੱਤੀ।
ਪੁਲਿਸ ਨੇ ਦੱਸਿਆ ਕਿ ਜਦੋਂ ਟੀਮ ਪਾਰਕਿੰਗ ਦੀ ਕੰਧ ਦੇ ਨੇੜੇ ਪਹੁੰਚੀ ਤਾਂ ਉੱਥੇ ਕੰਧ ਦੇ ਉਹਲੇ ਲੁਕ ਕੇ ਬੈਠੇ ਦੋ ਨੌਜਵਾਨਾਂ ਨੂੰ ਦੇਖਿਆ ਗਿਆ, ਜੋ ਮੌਕੇ ’ਤੇ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਹੇ ਸਨ। ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਘੇਰਾਬੰਦੀ ਕਰਕੇ ਦੋਵਾਂ ਨੂੰ ਮੌਕੇ ’ਤੇ ਹੀ ਦਬੋਚ ਲਿਆ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਪ੍ਰਵੀਨ ਕੁਮਾਰ ਅਤੇ ਉਸ ਦਾ ਭਰਾ ਪ੍ਰਦੀਪ ਭਾਟੀਆ, ਪੁੱਤਰਾਨ ਸੋਹਣ ਲਾਲ ਵਾਸੀ ਸਥਾਨਕ ਮੁਹੱਲਾ ਫਹਿਤਗੜ ਵਜੋਂ ਹੋਈ। ਜਦੋਂ ਮੌਕੇ ’ਤੇ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਦੇ ਕਬਜ਼ੇ ’ਚੋਂ ਕਥਿਤ ਤੌਰ ’ਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਲਾਈਟਰ, ਇੱਕ ਪੰਨੀ (ਫੋਇਲ ਪੇਪਰ) ਜਿਸ ਉੱਪਰ ਨਸ਼ੀਲਾ ਪਦਾਰਥ ਲੱਗਿਆ ਹੋਇਆ ਸੀ ਅਤੇ ਇੱਕ 10 ਰੁਪਏ ਦਾ ਨੋਟ (ਜਿਸ ਨੂੰ ਰੋਲ ਕਰਕੇ ਪਾਈਪ ਬਣਾਇਆ ਹੋਇਆ ਸੀ) ਬਰਾਮਦ ਕੀਤਾ ਗਿਆ।
ਪੋਲਟਰੀ ਫਾਰਮ ਦੇ ਕੱਚੇ ਰਸਤੇ ’ਤੇ ਸਰਿੰਜ ਲਗਾਉਂਦਾ ਬਿਹਾਰ ਦਾ ਨੌਜਵਾਨ ਗ੍ਰਿਫ਼ਤਾਰ
ਪੁਲਿਸ ਅਨੁਸਾਰ, ਥਾਣਾ ਦਸੂਹਾ ਦੇ ਐੱਸ.ਆਈ. ਬਲਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਰੋਜ਼ਾਨਾ ਦੀ ਤਰ੍ਹਾਂ ਸ਼ੱਕੀ ਲੋਕਾਂ ਦੀ ਚੈਕਿੰਗ ਲਈ ਗਸ਼ਤ ’ਤੇ ਸੀ। ਇਹ ਟੀਮ ਬੱਸ ਸਟੈਂਡ ਦਸੂਹਾ ਤੋਂ ਹੁੰਦੀ ਹੋਈ ਲੰਗਰਪੁਰ ਅਤੇ ਕੈਥਾਂ ਮੁਹੱਲਾ ਵੱਲ ਜਾ ਰਹੀ ਸੀ।
ਜਦੋਂ ਪੁਲਿਸ ਪਾਰਟੀ ਕੈਥਾਂ ਮੁਹੱਲੇ ਦੇ ਨਜ਼ਦੀਕ ਇੱਕ ਪੋਲਟਰੀ ਫਾਰਮ ਵੱਲ ਜਾਂਦੇ ਕੱਚੇ ਰਸਤੇ ਕੋਲ ਪਹੁੰਚੀ ਤਾਂ ਉੱਥੇ ਇੱਕ ਨੌਜਵਾਨ ਸ਼ਰੇਆਮ ਪੋਲਟਰੀ ਫਾਰਮ ਦੇ ਕੋਲ ਬੈਠ ਕੇ ਕਥਿਤ ਤੌਰ ’ਤੇ ਆਪਣੀ ਬਾਂਹ ਵਿੱਚ ਨਸ਼ੇ ਦੀ ਸਰਿੰਜ ਲਗਾ ਰਿਹਾ ਸੀ। ਪੁਲਿਸ ਪਾਰਟੀ ਨੂੰ ਅਚਾਨਕ ਸਾਹਮਣੇ ਦੇਖ ਕੇ ਨੌਜਵਾਨ ਨੇ ਤੁਰੰਤ ਬਾਂਹ ’ਚੋਂ ਸਰਿੰਜ ਲਾਹੀ ਅਤੇ ਉਸ ਨੂੰ ਹੱਥ ਵਿੱਚ ਫੜ ਕੇ ਉੱਥੋਂ ਦੌੜਨ ਦੀ ਕਥਿਤ ਕੋਸ਼ਿਸ਼ ਕੀਤੀ ਪਰ ਐੱਸ.ਆਈ. ਬਲਵੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ।
ਫੜੇ ਗਏ ਨੌਜਵਾਨ ਨੇ ਆਪਣਾ ਨਾਮ ਸੂਰਜ ਕੁਮਾਰ ਪੁੱਤਰ ਗੁਲਾਬ ਚੰਦ ਪਾਸਵਾਨ ਵਾਸੀ ਪਿੰਡ ਬੈਗਵਾਹੀ, ਜ਼ਿਲ੍ਹਾ ਅਰਾਰੀਆਂ, ਬਿਹਾਰ, ਹਾਲ ਵਾਸੀ ਪਿੰਡ ਘੋਗਰਾ, ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਕਾਬੂ ਕੀਤੇ ਗਏ ਸੂਰਜ ਕੁਮਾਰ ਦੇ ਹੱਥ ’ਚੋਂ ਮੌਕੇ ’ਤੇ ਹੀ ਉਹ ਨੀਡਲ ਸਰਿੰਜ (ਨਸ਼ੇ ਦਾ ਟੀਕਾ) ਬਰਾਮਦ ਕਰ ਲਏ ਗਏ ਹਨ।