ਸਾਲਾਨਾ ਉਸਤਾਦ ਅੱਲਾ ਰੱਖਾ ਖਾਂ ਸੰਗੀਤ ਸੰਮੇਲਨ ਯਾਦਗਾਰੀ ਹੋ ਨਿਬੜਿਆ ਸਲਾਨਾ ਉਸਤਾਦ ਅੱਲਾ ਰੱਖਾ ਖਾਂ ਸੰਗੀਤ ਸੰਮੇਲਨ ਯਾਦਗਾਰੀ ਹੋ ਨਿਬੜਿਆ
Publish Date: Thu, 29 Oct 2026 03:18 PM (IST)
Updated Date: Thu, 29 Oct 2026 03:19 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਫਤਿਹਪੁਰ, ਭੁੰਗਾ ਨੇੜੇ ਪੰਜਾਬ ਘਰਾਣਾ ਤਬਲਾ ਵਾਦਨ ਸਿੱਖਿਆ ਕੇਂਦਰ ਵਿਖੇ ‘ਸਲਾਨਾ ਉਸਤਾਦ ਅੱਲਾ ਰੱਖਾ ਖਾਂ ਸੰਗੀਤ ਸੰਮੇਲਨ 2026’ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਸਮਾਗਮ ਦਾ ਪ੍ਰਬੰਧ ਸੋਸਾਇਟੀ ਦੇ ਪ੍ਰਧਾਨ ਉਸਤਾਦ ਕੁਲਵਿੰਦਰ ਸਿੰਘ ਅਤੇ ਜਨਰਲ ਸਕੱਤਰ ਡਾ. ਜਗਤਾਰ ਸਿੰਘ ਵੱਲੋਂ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਸਤਾਦ ਸੁਖਵੰਤ ਸਿੰਘ ਅਤੇ ਪ੍ਰਿੰਸੀਪਲ ਜਸਪਾਲ ਸਿੰਘ ਜਵੱਦੀ ਟਕਸਾਲ ਨੂੰ ਸੰਗੀਤ ਖੇਤਰ ਵਿੱਚ ਯੋਗਦਾਨ ਲਈ ‘ਪੰਜਾਬ ਘਰਾਣਾ ਸੰਗੀਤ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੰਗੀਤ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਅਕੈਡਮੀ ਨੂੰ ਜਾਂਦਾ ਕੱਚਾ ਰਸਤਾ 15 ਦਿਨਾਂ ਵਿੱਚ ਪੱਕਾ ਕਰਵਾਉਣ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਸੰਤੂਰ ਵਾਦਨ, ਤਬਲਾ ਸੋਲੋ, ਸ਼ਾਸਤਰੀ ਗਾਇਨ ਅਤੇ ਸ਼ਬਦ ਗਾਇਨ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਹੋਈਆਂ। ਉਸਤਾਦ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਕੈਡਮੀ ਵਿੱਚ ਪੰਜਾਬ ਸਮੇਤ ਹੋਰ ਸੂਬਿਆਂ ਦੇ ਵਿਦਿਆਰਥੀ ਤਬਲਾ ਵਾਦਨ ਦੀ ਸਿੱਖਿਆ ਲੈ ਰਹੇ ਹਨ। ਸਮਾਗਮ ਵਿੱਚ ਮਨਪ੍ਰੀਤ ਸਿੰਘ ਸਰਪੰਚ ਫਤਿਹਪੁਰ, ਡਾ. ਜਗਤਾਰ ਸਿੰਘ ਜਨਰਲ ਸਕੱਤਰ ਸੁਸਾਇਟੀ ਅਤੇ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਅਤੇ ਪਤਵੰਤੇ ਹਾਜ਼ਰ ਸਨ।