ਸਾਲਾਨਾ ਛਿੰਞ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ
ਜੈ ਪੀਰ ਬਾਬਾ ਮਊਆ ਵਾਲਾ ਜੀ ਦਾ ਸਾਲਾਨਾ ਛਿੰਝ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ
Publish Date: Mon, 09 Nov 2026 05:25 PM (IST)
Updated Date: Tue, 10 Nov 2026 04:03 AM (IST)
90 ਪਹਿਲਵਾਨਾਂ ਨੇ ਦਿਖਾਏ ਕੁਸ਼ਤੀ ਦੇ ਜੌਹਰ ਭੀਖੋਵਾਲ ਦੇ ਬੱਬਲੂ ਨੂੰ ਮਿਲਿਆ ਸਪਲੈਂਡਰ ਮੋਟਰਸਾਈਕਲ ਕਮਲ, ਪੰਜਾਬੀ ਜਾਗਰਣ, ਹਰਿਆਣਾ : ਪਿੰਡ ਕੂਕਾਨੇਟ ਵਿਖੇ ਜੈ ਪੀਰ ਬਾਬਾ ਮਊਆ ਵਾਲਾ ਜੀ ਦਾ ਸਾਲਾਨਾ ਛਿੰਝ ਮੇਲਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ, ਖੇਡ ਪ੍ਰੇਮੀਆਂ ਅਤੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਕਰਵਾਏ ਕੁਸ਼ਤੀ ਮੁਕਾਬਲਿਆਂ ਵਿੱਚ ਲਗਭਗ 90 ਪਹਿਲਵਾਨਾਂ ਨੇ ਹਿੱਸਾ ਲੈ ਕੇ ਆਪਣੇ ਜੌਹਰ ਦਿਖਾਏ। ਦਿਲਚਸਪ ਮੁਕਾਬਲਿਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮੇਲੇ ਦਾ ਮੁੱਖ ਆਕਰਸ਼ਣ ਪਿੰਡ ਭੀਖੋਵਾਲ ਦੇ ਪਹਿਲਵਾਨ ਬੱਬਲੂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਉਸ ਨੂੰ ਜਿੰਦਰ ਆੜ੍ਹਤੀਏ ਵੱਲੋਂ ਹੌਸਲਾ ਅਫਜ਼ਾਈ ਵਜੋਂ ਸਪਲੈਂਡਰ ਮੋਟਰਸਾਈਕਲ ਭੇਟ ਕੀਤਾ ਗਿਆ, ਜਦਕਿ ਦੂਜੇ ਸਥਾਨ ਤੇ ਰਹਿਣ ਵਾਲੇ ਪਹਿਲਵਾਨ ਨੂੰ ਕਮੇਟੀ ਵੱਲੋਂ 15 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਛਿੰਝ ਮੇਲੇ ਪੰਜਾਬੀ ਵਿਰਾਸਤ ਅਤੇ ਕੁਸ਼ਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਅਜਿਹੇ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਮੇਲੇ ਦੀ ਸਫਲਤਾ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।