- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰਾਂ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਟਿੱਪਰਾਂ ਵਾਲੇ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਦੇ ਪਿੰਡ ਜੇਜੋਂ ਤੋਂ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ/ਟਰੱਕਾਂ ਦੀ ਆਵਾਜਾਈ ਲਈ ਸਮਾਂ ਸਾਰਨੀ ਨਿਸ਼ਚਿਤ ਕੀਤੀ ਜਾਂਦੀ ਹੈ ਪਰ ਟਿੱਪਰਾਂ ਵੱਲੋਂ ਲਗਾਤਾਰ ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਚ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਲਗਾਤਾਰ ਨਿਰਵਿਘਨ ਆਵਾਜਾਈ ਜਾਰੀ ਸੀ, ਜਿਸ ਨੂੰ ਦੇਖ਼ਦੇ ਹੋਏ ਗੜ੍ਹਸ਼ੰਕਰ ਦੀਆਂ ਸਮਾਜਿਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਟਿੱਪਰ ਚਾਲਕਾਂ ਵਿਰੁੱਧ ਮੋਰਚਾ ਖ਼ੋਲ੍ਹਣ ਦਾ ਐਲਾਨ ਕੀਤਾ ਤਾਂ ਆਪਣਾ ਅੱਗਾ ਵਗਲਦੇ ਹੋਏ ਖੇਤਰੀ ਟਰਾਂਸਪੋਰਟ ਅਫ਼ਸਰ ਅਮਨਦੀਪ ਕੌਰ ਨੇ ਤੁਰੰਤ ਛਾਪੇਮਾਰੀ ਕਰਕੇ ਦੋ ਟਿੱਪਰਾਂ ਨੂੰ ਹਦਾਇਤਾਂ ਦੀ ਉਲੰਘਣਾਂ ’ਤੇ ਜ਼ੁਰਮਾਨਾ ਲਾਇਆ।
ਇਸ ਮੌਕੇ ਆਰਟੀਓ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਨ੍ਹਾਂ ਰਸਤਿਆਂ ’ਤੇ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਆਵਾਜਾਈ ਦੀ ਆਗਿਆ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਇਸ ਸਮੇਂ ਤੋਂ ਇਲਾਵਾ ਇਨ੍ਹਾਂ ਸੜਕਾਂ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ/ਟਰੱਕਾਂ ਦੀ ਆਵਾਜਾਈ ’ਤੇ ਰੋਕ ਹੈ। ਉਨ੍ਹਾਂ ਦੱਸਿਆ ਕਿ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ/ਟਰੱਕਾਂ ਦੇ ਕਾਰਨ ਸੜਕਾਂ ’ਤੇ ਹਾਦਸੇ ਹੋ ਰਹੇ ਹਨ ਜਿਨ੍ਹਾਂ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਜਿਸ ਕਰ ਕੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਸੜਕਾਂ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ/ਟਰੱਕਾਂ ਦੀ ਆਵਾਜਾਈ ਨੂੰ ਸਮਾਂਬੱਧ ਤਰੀਕੇ ਨਾਲ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇਨ੍ਹਾਂ ਹੁਕਮਾਂ ਦੀ ਉਲ਼ੰਘਣਾਂ ਕਰਦੇ ਦੋ ਟਿੱਪਰ ਪਾਏ ਗਏ, ਜਿਨ੍ਹਾਂ ਨੂੰ ਮੌਕੇ ’ਤੇ ਹੀ ਬਣਦਾ ਜ਼ੁਰਮਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਆਉਂਦੇ ਦਿਨਾਂ ਵਿਚ ਵੀ ਜਾਰੀ ਰਹੇਗੀ ਅਤੇ ਉਲ਼ੰਘਣਾਂ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਪ ਪੁਲਿਸ ਕਪਤਾਨ, ਗੜ੍ਹਸ਼ੰਕਰ ਇਹ ਯਕੀਨੀ ਬਣਾਉਣਗੇ ਕਿ ਟ੍ਰੈਫਿਕ ਪੁਲਿਸ ਵੱਲੋਂ ਟਿੱਪਰ/ਟਰੱਕਾਂ ਦੀ ਓਵਰਸਪੀਡ ਚੈੱਕ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਓਵਰਲੋਡਿੰਗ ਅਤੇ ਹੋਰ ਨਿਯਮਾਂ ਦੀ ਉਲੰਘਣਾ ਸਬੰਧੀ ਚੈਕਿੰਗ ਅਤੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ ਅਤੇ ਕਾਰਜਕਾਰੀ ਇੰਜੀਨੀਅਰ, ਡਰੇਨੇਜ਼-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ, ਅੰਤਰਰਾਜੀ ਚੈੱਕ ਪੋਸਟਾਂ ’ਤੇ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਇਸ ਦੇ ਨਾਲ ਹੀ ਚੈੱਕ ਪੋਸਟ ’ਤੇ ਭਾਰ ਤੋਲਣ ਵਾਲੇ ਕੰਡੇ ਦੀ ਵਰਤੋਂ ਕਰ ਕੇ ਓਵਰਲੋਡਿਡ ਟਿੱਪਰਾਂ ਦੀ ਚੈਕਿੰਗ ਅਤੇ ਉਲੰਘਣਾਂ ਪਾਏ ਜਾਣ ’ਤੇ ਇਨ੍ਹਾਂ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।