- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਮਿਸ਼ਾ ਮਹਿਤਾ ਦੀ ਅਗਵਾਈ ਹੇਠ ਮਾਨਸਾ ਕਾਂਡ ਦੇ ਵਿਰੋਧ ’ਚ ਧਰਨਾ

ਦੀਪਕ ਅਗਨੀਹਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਵਿਰੋਧ ਵਿਚ ਬੰਗਾ ਚੌਕ ਵਿਚ ਧਰਨਾ ਲਗਾਇਆ। ਇਸ ਮੌਕੇ ਪਹਿਲਾਂ ਭਾਜਪਾ ਆਗੂ ਨੇ ਸਾਥੀਆਂ ਸਮੇਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਅਤੇ ਚੌਕ ਵਿਚ ਧਰਨਾ ਦਿੱਤਾ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮੈਡੀਕਲ ਨਸ਼ਾ ਪੁਲਿਸ ਅਤੇ ਸਿਹਤ ਵਿਭਾਗ ਦੀ ਮਿਲੀਭੁਗਤ ਤੋਂ ਬਗੈਰ ਨਹੀਂ ਵੇਚਿਆ ਜਾ ਸਕਦਾ। ਪਰਵਿੰਦਰ ਸਿੰਘ ਝੋਟੇ ਦਾ ਸ਼ਰੇਆਮ ਦਿਨ-ਦਿਹਾੜੇ ਕਤਲ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰੀ ਮਹਿਕਮੇ ਹੀ ਨਸ਼ਾ ਸੌਦਾਗਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਂਝ ਤਾਂ ‘ਯੁੱਧ ਨਸ਼ਿਆਂ ਵਿਰੁੱਧ’ ਲੜ ਰਹੀ ਹੈ ਪਰ ਇਸ ਯੁੱਧ ਦਾ ਨਤੀਜਾ ਗੜ੍ਹਸ਼ੰਕਰ ਹਲਕੇ ਵਿਚ ਇਹ ਮਿਲਿਆ ਹੈ ਕਿ ਔਰਤਾਂ ਵੀ ਪਿੰਡ ਦੇਨੋਵਾਲ ਸੈਂਸੀ ਬਸਤੀ ਵਿਚ ਚਿੱਟਾ ਵੇਚਣ ਲੱਗ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਆਈ ਹੈ, ਉਸ ਦਿਨ ਤੋਂ ਹਲਕਾ ਗੜ੍ਹਸ਼ੰਕਰ ਵਿਚ ਨਸ਼ਿਆਂ ਦੀ ਵਿਕਰੀ ਸਿਖ਼ਰਾਂ ’ਤੇ ਪਹੁੰਚ ਗਈ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਨਸ਼ੇ ਦੀ ਨਿੱਤ ਦਿਨ ਵਧਦੀ ਸੇਲ ਅਤੇ ਇਲਾਕੇ ਵਿਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਬਾਰੇ ਸੱਤਾਧਾਰੀ ਆਗੂਆਂ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਨਾ ਤਾਂ ਉਨ੍ਹਾਂ ਨੂੰ ਲੋਕਾਂ ਦੇ ਪੁੱਤ ਮਰਨ ਦਾ ਦੁੱਖ ਹੈ ਅਤੇ ਨਾ ਹੀ ਇਲਾਕੇ ਵਿਚ ਨਸ਼ੇ ਦੀ ਵਧ ਰਹੀ ਵਿਕਰੀ ਦੀ ਕੋਈ ਫਿਕਰ ਹੈ। ਭਾਜਪਾ ਆਗੂ ਨੇ ਕਿਹਾ ਕਿ ਜਿਵੇਂ ਉੱਤਰ ਪ੍ਰਦੇਸ਼ ਵਿਚ ਭਾਜਪਾ ਸਰਕਾਰ ਆਉਣ ’ਤੇ ਗੁੰਡਾਗਰਦੀ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਈ ਗਈ ਹੈ। ਇਸ ਮੌਕੇ ਭਾਜਪਾ ਵਰਕਰਾਂ ਨੇ ਪੁਲਿਸ ਥਾਣੇ ਅੱਗੇ ਜਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉੱਥੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪਰਵੀਨ ਲਸਾੜਾ, ਵਿੱਕੀ ਫ਼ੌਜੀ, ਰਾਜੇਸ਼ ਗੁਪਤਾ, ਫ਼ੌਜੀ ਪ੍ਰੇਮ, ਟੇਲੂ ਭੁੱਲਰ, ਅਮਰਜੀਤ ਬਿੱਲੂ, ਰਣਜੀਤ ਬੰਗਾ, ਰਿੰਪੀ ਪਾਠਕ, ਅਮਦੀਪ ਬੈਂਸ, ਸੋਨੂੰ ਐੱਮਸੀ, ਰੇਸ਼ਮ ਸਰਪੰਚ ਕੁਲਦੀਪ ਸਦਰਪੁਰ, ਚੂਹੜ ਬਡੇਸਰੋਂ, ਪੁਰਸ਼ੋਤਮ ਸੇਠੀ ਅਤੇ ਕਈ ਹੋਰ ਹਾਜ਼ਰ ਸਨ।