ਵੱਖ-ਵੱਖ ਜਥੇਬੰਦੀਆਂ ਵੱਲੋਂ 'ਆਪ' ਵਿਧਾਇਕਾਂ ਨੂੰ ਦਿੱਤੇ ਗਏ ‘ਲਾਹਣਤੀ ਪੱਤਰ’ ਵੱਖ-ਵੱਖ ਜਥੇਬੰਦੀਆਂ ਵੱਲੋਂ 'ਆਪ' ਵਿਧਾਇਕਾਂ ਨੂੰ ਦਿੱਤੇ ਗਏ 'ਲਾਹਨਤੀ ਪੱਤਰ
Publish Date: Mon, 19 Oct 2026 05:27 PM (IST)
Updated Date: Mon, 19 Oct 2026 05:30 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਮਾਨਸਾ ’ਚ ਨਸ਼ਾ ਵਿਰੋਧੀ ਸਰਗਰਮ ਆਗੂ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਹੋਈ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਪੂਰੇ ਪੰਜਾਬ ਵਿੱਚ ਭਾਰੀ ਰੋਸ ਫੈਲਿਆ ਹੋਇਆ ਹੈ। ਸੂਬੇ ਭਰ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਰੋਸ ਤਹਿਤ ਅੱਜ ਵੱਖ-ਵੱਖ ਕਿਸਾਨ ਅਤੇ ਲੋਕ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ ਘੇਰਦਿਆਂ ਲਾਹਨਤੀ ਪੱਤਰ ਸੌਂਪਣ ਲਈ ਉਨ੍ਹਾਂ ਦੇ ਘਰਾਂ ਅੱਗੇ ਧਰਨਾ ਦੇ ਕੇ ਰੋਸ ਮੁਜਾਹਰਾ ਕੀਤਾ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜੰਮ ਕੇ ਲਾਹਰੇਬਾਜੀ ਕੀਤੀ। ਪ੍ਰਸ਼ਾਸ਼ਨ ਨੇ ਵੀ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਸਨ। ਇਸੇ ਲੜੀ ਤਹਿਤ ਅੱਜ ਵਿਧਾਇਕ ਡਾ. ਇਸ਼ਾਂਕ ਕੁਮਾਰ ਦੇ ਘਰ ਦੇ ਬਾਹਰ ਭਾਰੀ ਗਿਣਤੀ ਵਿੱਚ ਕਿਸਾਨ ਅਤੇ ਇਲਾਕਾ ਨਿਵਾਸੀ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸੂਬਾ ਸਰਕਾਰ ਦੀ ਕਾਨੂੰਨ ਵਿਵਸਥਾ ਉੱਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ। ਮੌਕੇ ਤੇ ਮੌਜੂਦ ਪ੍ਰਮੁੱਖ ਕਿਸਾਨ ਆਗੂ ਜਗਤਾਰ ਸਿੰਘ ਭਿੰਡਰ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਸਖ਼ਤ ਹੱਥੀਂ ਲਿਆ। ਉਨ੍ਹਾਂ ਆਖਿਆ ਕਿ ਪਰਵਿੰਦਰ ਝੋਟਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਰਿਹਾ ਸੀ। ਅੱਜ ਜਦੋਂ ਨਸ਼ਾ ਤਸਕਰਾਂ ਨੇ ਉਸਨੂੰ ਮਾਰ ਦਿੱਤਾ ਹੈ, ਤਾਂ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਨੁਮਾਇੰਦੇ ਮੂਕ ਦਰਸ਼ਕ ਬਣੇ ਬੈਠੇ ਹਨ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦੇ ਕਤਲ ਵਿਚ ਪੰਜਾਬ ਸਰਕਾਰ ਵੀ ਬਰਾਬਰ ਦੀ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ’ਤੇ ਅੱਧਾ ਦਰਜਨ ਮਾਮਲੇ ਦਰਜ ਹੋਣ ੳਸ ਨੂੰ ਪਿਸਤੌਲ ਦਾ ਲਾਇਸੰਸ ਬਣਾ ਕੇ ਦੇਣਾ ਵੀ ਕਈ ਤਰਾਂ ਦੇ ਸ਼ੰਕੇ ਖ਼ੜਾ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ’ਚ ਪਰਦੇ ਦੇ ਪਿੱਛਲੇ ਦੇ ਦੋਸ਼ੀ ਵੀ ਸਾਹਮਣੇ ਲਿਆਂਦੇ ਜਾਣ। ਕਿਸਾਨ ਜਥੇਬੰਦੀਆਂ ਇਸ ਹੋਣੀ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।