ਚਾਰ ਕੌਂਸਲਰਾਂ ਨੂੰ ਸਹੁੰ ਨਾ ਚੁਕਾਉਣ ਦੇ ਵਿਰੋਧ ’ਚ ਨਗਰ ਕੌਂਸਲ ਹਰਿਆਣਾ ਦੇ ਬਾਹਰ ਧਰਨਾ ਚਾਰ ਕੌਂਸਲਰਾਂ ਨੂੰ ਸਹੁੰ ਨਾ ਚੁਕਾਉਣ ਦੇ ਵਿਰੋਧ ’ਚ ਨਗਰ ਕੌਂਸਲ ਹਰਿਆਣਾ ਦੇ ਬਾਹਰ ਧਰਨਾ
Publish Date: Wed, 25 Nov 2026 06:23 PM (IST)
Updated Date: Wed, 25 Nov 2026 06:25 PM (IST)
ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ, ਐੱਸਡੀਐੱਮ ਵੱਲੋਂ 30 ਨੂੰ ਸਹੁੰ ਚੁਕਾਉਣ ਦਾ ਭਰੋਸਾ ਕਮਲ, ਪੰਜਾਬੀ ਜਾਗਰਣ ਹਰਿਆਣਾ : ਕਸਬਾ ਹਰਿਆਣਾ ਦੀ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੇ ਬਾਵਜੂਦ ਚਾਰ ਕੌਂਸਲਰਾਂ ਨੂੰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸਹੁੰ ਨਾ ਚੁਕਾਏ ਜਾਣ ਦੇ ਵਿਰੋਧ ਵਿੱਚ ਅੱਜ ਨਗਰ ਕੌਂਸਲ ਹਰਿਆਣਾ ਦੇ ਦਫ਼ਤਰ ਦੇ ਬਾਹਰ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਇਸ ਧਰਨੇ ਵਿੱਚ ਸਬੰਧਤ ਕੌਂਸਲਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਹੋਰ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਚਾਰਾਂ ਕੌਂਸਲਰਾਂ ਨੂੰ ਤੁਰੰਤ ਸਹੁੰ ਚੁਕਾਉਣ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਦੌਰਾਨ ਲੋਕਾਂ ਵੱਲੋਂ ਚੁਣੇ ਗਏ ਚਾਰ ਕੌਂਸਲਰਾਂ ਨੂੰ ਅਜੇ ਤੱਕ ਸਹੁੰ ਨਹੀਂ ਚੁਕਾਈ ਗਈ, ਜੋ ਕਿ ਲੋਕਤੰਤਰੀ ਪ੍ਰਕਿਰਿਆ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਕੌਂਸਲਰਾਂ ਵਿੱਚ ਕਾਂਗਰਸ ਪਾਰਟੀ ਦੇ ਕੌਂਸਲਰ ਇਕਬਾਲ ਸਿੰਘ, ਆਮ ਆਦਮੀ ਪਾਰਟੀ ਦੇ ਕੌਂਸਲਰ ਪਵਨ ਕੁਮਾਰ ਅਤੇ ਭਾਬਰਾ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਰਾਜੀਵ ਕਪਿਲਾ ਸ਼ਾਮਲ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਵਿਧਾਇਕ ਵੱਲੋਂ ਇਨ੍ਹਾਂ ਚਾਰ ਕੌਂਸਲਰਾਂ ਦੀ ਗੈਰ-ਮੌਜੂਦਗੀ ਵਿੱਚ ਹੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਕਰਵਾ ਲਈ ਗਈ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਕਰਨ ਦੀ ਇੰਨੀ ਜਲਦਬਾਜ਼ੀ ਦਿਖਾਈ ਗਈ ਕਿ ਚਾਰ ਚੁਣੇ ਹੋਏ ਕੌਂਸਲਰਾਂ ਦੀ ਉਡੀਕ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਗਈ। ਇਸ ਮੌਕੇ ਕੌਂਸਲਰ ਪਵਨ ਕੁਮਾਰ, ਇਕਬਾਲ ਸਿੰਘ ਅਤੇ ਰਾਜੀਵ ਕਪਿਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਨਗਰ ਕੌਂਸਲ ਵਿੱਚ ਭੇਜਿਆ ਹੈ, ਪਰ ਅਜੇ ਤੱਕ ਉਨ੍ਹਾਂ ਨੂੰ ਸਹੁੰ ਨਹੀਂ ਚੁਕਾਈ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਆਪਣੇ ਨਾਲ ਸਬੰਧਤ ਕੌਂਸਲਰਾਂ ਨੂੰ ਨਾਲ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਉਨ੍ਹਾਂ ਨੂੰ ਮੀਟਿੰਗਾਂ ਅਤੇ ਏਜੰਡਿਆਂ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਇਸ ਕਾਰਨ ਉਹ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਆਵਾਜ਼ ਉਠਾਉਣ ਤੋਂ ਅਸਮਰੱਥ ਹੋ ਰਹੇ ਹਨ। ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਜਲਦ ਸਹੁੰ ਨਾ ਚੁਕਾਈ ਗਈ ਤਾਂ ਉਹ ਨਗਰ ਕੌਂਸਲ ਹਰਿਆਣਾ ਦੇ ਸਾਹਮਣੇ ਸੜਕ ਜਾਮ ਕਰਕੇ ਵੱਡਾ ਧਰਨਾ ਦੇਣ ਲਈ ਮਜਬੂਰ ਹੋਣਗੇ। ਐਸਡੀਐਮ ਵੱਲੋਂ ਧਰਨਾਕਾਰੀਆਂ ਨੂੰ 30 ਨਵੰਬਰ ਨੂੰ ਚਾਰਾਂ ਕੌਂਸਲਰਾਂ ਨੂੰ ਸਹੁੰ ਚੁਕਾਉਣ ਦਾ ਭਰੋਸਾ ਦਿੱਤਾ ਗਿਆ ਤਾਂ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਅਤੇ ਹੋਰ ਕੌਂਸਲਰਾਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਕੌਂਸਲਰ ਇਕਬਾਲ ਸਿੰਘ, ਕੌਂਸਲਰ ਗੁਰਦੇਵ ਕੌਰ, ਕੌਂਸਲਰ ਪਵਨ ਕੁਮਾਰ, ਕੌਂਸਲਰ ਰਾਜੀਵ ਕਪਿਲਾ, ਕੌਂਸਲਰ ਰਮਨ ਕੁਮਾਰ, ਕੌਂਸਲਰ, ਸਿਮਰਨਜੀਤ ਸਿੰਘ ਸਰਾਂ, ਕੁਲਜੀਤ ਸਿੰਘ ਮਨਿੰਦਰ ਸਿੰਘ ਟਿੰਮੀ ਸ਼ਾਹੀ ਸਿਧਾਂਸੂ ਮਿਸ਼ਰਾ, ਕਮਲਜੀਤ ਸਿੰਘ ਸ਼ਾਹੀ, ਸਾਬਕਾ ਕੌਂਸਲਰ ਸ਼ਸ਼ੀ ਕੁਮਾਰ, ਅਵੀ ਬਤਰਾ, ਜਸਵੀਰ ਸਿੰਘ ਸਰਪੰਚ ਨੀਲਾ ਨਲੋਆ, ਮਹਿੰਦਰ ਪਾਲ ਆਦੀਆ, ਗੁਰਪ੍ਰੀਤ ਸਿੰਘ ਵਿਪਨ ਰੋਹਿਤ ਕਾਕਾ ਬਸੀ ਉਮਰ ਖਾਂ ਕੁਲਦੀਪ ਸ਼ਰਮਾ ਆਦਿ ਮੌਜੂਦ ਸਨ।