253 ਅਧਿਆਪਕਾਂ ਨੂੰ ਨੌਕਰੀਓਂ ਕੱਢਣ ਖ਼ਿਲਾਫ਼ ਰੋਸ ਪ੍ਰਦਰਸ਼ਨ 253 ਅਧਿਆਪਕਾਂ ਨੂੰ ਨੌਕਰੀਓਂ ਕੱਢਣ ਖ਼ਿਲਾਫ਼ ਰੋਸ ਪ੍ਰਦਰਸ਼ਨ
Publish Date: Sat, 31 Oct 2026 04:20 PM (IST)
Updated Date: Sat, 31 Oct 2026 04:23 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ 253 ਮਾਸਟਰ ਕਾਡਰ ਅਧਿਆਪਕਾਂ ਨੂੰ ਟਰਮੀਨੇਟ ਕਰਨ ਦੇ ਫ਼ੈਸਲੇ ਖ਼ਿਲਾਫ਼ ਅੱਜ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਮਾਰਚ ਕੀਤਾ। ਇਸ ਦੌਰਾਨ ਅਧਿਆਪਕ ਆਗੂਆਂ ਵੱਲੋਂ ਵਿਭਾਗ ਵੱਲੋਂ ਅਧਿਆਪਕਾਂ ਨੂੰ ਭੇਜੇ ਟਰਮੀਨੇਸ਼ਨ ਦੇ ਆਰਡਰਾਂ ਦੀਆਂ ਕਾਪੀਆਂ ਸਾੜੀਆਂ ਗਈਆਂ । ਪ੍ਰਿਤਪਾਲ ਸਿੰਘ ਚੌਟਾਲਾ, ਸੁਖਦੇਵ ਸਿੰਘ ਡਾਂਨਸੀਵਾਲ, ਸੁਰਜੀਤ ਰਾਜਾ, ਜਤਿੰਦਰ ਸਿੰਘ ਸੋਨੀ,ਸੰਜੀਵ ਧੂਤ,ਸਰਬਜੀਤ ਸਿੰਘ ਕੰਗ, ਜਰਨੈਲ ਸਿੰਘ ਸੀਕਰੀ ਨੇ ਕਿਹਾ ਕਿ ਆਪਣੇ ਆਪ ਨੂੰ ਇਨਕਲਾਬੀ ਅਤੇ ਆਮ ਲੋਕਾਂ ਦੀ ਹਮਦਰਦ ਅਖਵਾਉਣ ਵਾਲੀ ਸਰਕਾਰ ਨੇ 253 ਅਧਿਆਪਕ ਪਰਿਵਾਰਾਂ ਦੀ ਰੋਜ਼ੀ-ਰੋਟੀ ’ਤੇ ਕੁਹਾੜਾ ਮਾਰਿਆ ਹੈ। ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲ ਚੁੱਕੀ ਹੈ ਅਤੇ ਅਖੌਤੀ ਇਨਕਲਾਬੀਆਂ ਦੀ ਸਰਕਾਰ ਦਾ ਰੁਜ਼ਗਾਰ ਖੋਹਣ ਵਾਲਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ। ਜਿਹੜੀ ਸਰਕਾਰ ਚੋਣਾਂ ਸਮੇਂ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦੀ ਸੀ, ਉਹੀ ਸਰਕਾਰ ਹੁਣ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਭਵਿੱਖ ਸੰਵਾਰ ਰਹੇ ਅਧਿਆਪਕਾਂ ਨੂੰ ਨੌਕਰੀਆਂ ਤੋਂ ਬਾਹਰ ਦਾ ਰਸਤਾ ਦਿਖਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਿਰਫ਼ 253 ਅਧਿਆਪਕਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਸਗੋਂ ਉਨ੍ਹਾਂ ਦੇ ਬੱਚਿਆਂ, ਮਾਪਿਆਂ ਅਤੇ ਪਰਿਵਾਰਾਂ ਦੀ ਆਰਥਿਕ ਸੁਰੱਖਿਆ ਦੇ ਨਾਲ-ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਸਿੱਖਿਆ ਨੂੰ ਵੀ ਸਿੱਧੀ ਸੱਟ ਮਾਰਦਾ ਹੈ।ਉਨ੍ਹਾਂ ਮੰਗ ਕੀਤੀ ਕਿ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਦਿਆਂ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਵਿਕਾਸ ਸ਼ਰਮਾ,ਬਲਜੀਤ ਮਹਿਮੋਵਾਲ, ਮੈਡਮ ਰਿਮਪਾ, ਮੈਡਮ ਰੱਜੀ, ਮੈਡਮ ਸੋਨੀਆ, ਨਰਿੰਦਰ ਕੌਰ, ਨੀਲਮ ਰਾਜੂ, ਅਧਿਆਪਕ ਸਚਿਨ ਗੜ੍ਹਦੀਵਾਲ, ਪ੍ਰਵੀਨ ਕੁਮਾਰ, ਮੈਡਮ ਮਧੂ, ਲੈਕਚਰਾਰ ਨਵਲ ਕਿਸ਼ੋਰ, ਮਦਨ ਲਾਲ, ਸਰਬਜੀਤ ਸਿੰਘ, ਨੰਦ ਰਾਮ, ਦਵਿੰਦਰ ਹੁਸ਼ਿਆਰਪੁਰ,ਅਸ਼ਵਨੀ ਕੁਮਾਰ, ਸੋਮਪਾਲ ਸਹਿਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।