ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਤਰੀ ਡਾ. ਰਵਜੋਤ ਦੇ ਦਫ਼ਤਰ ਦਾ ਘਿਰਾਓ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਤਰੀ ਡਾ. ਰਵਜੋਤ ਦੇ ਦਫ਼ਤਰ ਦਾ ਘਿਰਾਓ
Publish Date: Mon, 14 Sep 2026 04:19 PM (IST)
Updated Date: Tue, 15 Sep 2026 04:02 AM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਆਪਣੀਆਂ ਹੱਕੀ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਹੁਸ਼ਿਆਰਪੁਰ ਸਥਿਤ ਮੁੱਖ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਹ ਧਰਨਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਸ਼ੁਰੂ ਕੀਤੇ ਗਏ 5-ਰੋਜ਼ਾ ਲਗਾਤਾਰ ਪ੍ਰਦਰਸ਼ਨ ਅੰਦੋਲਨ 14 ਤੋਂ 18 ਤਰੀਕ ਤੱਕ ਦਿੱਤੇ ਜਾਣ ਵਾਲੇ ਧਰਨਿਆਂ ਦਾ ਹਿੱਸਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕਿਸਾਨ ਸੰਗਠਨਾਂ ਵੱਲੋਂ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਰਕਾਰ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਸੀ ਕਿ ਉਹ ਮੇਜ਼ ਤੇ ਬੈਠ ਕੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਤਿਆਰ ਹਨ ਅਤੇ ਕਿਸੇ ਵੱਡੇ ਸੰਘਰਸ਼ ਚ ਨਹੀਂ ਜਾਣਾ ਚਾਹੁੰਦੇ, ਪਰ ਪੰਜਾਬ ਸਰਕਾਰ ਦੀ ਬੇਰੁਖ਼ੀ ਅਤੇ ਨਿਕੰਮੇਪਣ ਕਾਰਨ ਅੱਜ ਤੱਕ ਕੋਈ ਗੱਲਬਾਤ ਨਹੀਂ ਕੀਤੀ ਗਈ। ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ 14 ਸਤੰਬਰ ਤੋਂ 18 ਸਤੰਬਰ ਤੱਕ ਪੰਜਾਬ ਦੇ 7 ਕੈਬਨਿਟ ਮੰਤਰੀਆਂ ਅਤੇ ਵਿਧਾਨ ਸਭਾ ਸਪੀਕਰ ਦੇ ਘਰਾਂ ਅੱਗੇ 5-ਰੋਜ਼ਾ ਧਰਨੇ ਦਿੱਤੇ ਜਾ ਰਹੇ ਹਨ। ਜੇਕਰ ਫਿਰ ਵੀ ਸਰਕਾਰ ਨਾ ਜਾਗੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਦੋਲਨ ਦੇ ਦੌਰਾਨ ਹੀ 16 ਸਤੰਬਰ ਨੂੰ ਕਿਸਾਨ ਮਜ਼ਦੂਰ ਮੋਰਚੇ ਦੀ ਇੱਕ ਅਹਿਮ ਬੈਠਕ ਹੋਵੇਗੀ, ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਕਿਸਾਨ ਟ੍ਰੇਨ ਟਰੈਕਾਂ ਵੱਲ ਵਧਣਗੇ, ਰੇਲਾਂ ਰੋਕੀਆਂ ਜਾਣਗੀਆਂ ਅਤੇ ਨੈਸ਼ਨਲ ਹਾਈਵੇਅ ਜਾਮ ਕੀਤੇ ਜਾਣਗੇ, ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਮੁੱਖ ਮੰਤਰੀ ਵੱਲੋਂ ਕਿਸਾਨਾਂ ਤੇ ਲਗਾਏ ਜਾਂਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਵਜ੍ਹਾ ਪੁੱਛਦੀ ਸੀ, ਹੁਣ ਕਿਸਾਨ ਵਜ੍ਹਾ ਅਤੇ ਜਗ੍ਹਾ ਦੋਵੇਂ ਦੱਸ ਕੇ ਮੰਤਰੀਆਂ ਦੇ ਘਰਾਂ ਅੱਗੇ ਬੈਠੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸਵਾਲਾਂ ਤੋਂ ਭੱਜਦੇ ਹਨ। ਇਸ ਮੌਕੇ ਸੁਖਵੀਰ ਸਿੰਘ, ਸਰਬਜੀਤ ਸਿੰਘ, ਰਣਧੀਰ ਦਾਸ, ਜਗਤਾਰ ਸ਼ਾਹ, ਅਨਿਲ ਸਰਦਾਨਾ, ਮੋਹਿਤ ਸਰਦਾਨਾ, ਜਗਤਾਰ ਦਾਸ ਬਾਵਾ, ਸਾਹਿਬ ਸਿੰਘ ਸੈਣੀ, ਜੱਗਾ ਸਿੰਘ, ਬੱਗਾ ਸਿੰਘ, ਰਵਿੰਦਰ ਦਾਸ, ਜਸਪਾਲ ਸਿੰਘ ਹੀ ਸਮੇਤ ਕਿਸਾਨ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।