- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਿਸਟੀਰੀਅਲ ਸਟਾਫ਼ ਦੀ ਕਲਮ ਛੋੜ ਹੜਤਾਲ ਦੌਰਾਨ ਖੱਜਲ ਹੋਏ ਆਮ ਲੋਕ

- ਰੋਜ-ਰੋਜ ਦੀ ਹੜਤਾਲ ਤੋਂ ਤੰਗ ਆਏ ਲੋਕ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਮਨਿਸਟ੍ਰੀਅਲ ਸਟਾਫ਼ ਵੱਲੋਂ ਕੀਤੀ ਕਲਮ ਛੋੜ ਹੜਤਾਲ ਦੌਰਾਨ ਜਿੱਥੇ ਦਫ਼ਤਰ ਸੁੰਨੇ ਹੋ ਗਏ ਉੱਥੇ ਆਮ ਲੋਕਾਂ ਨੂੰ ਆਪਣੇ ਨਿੱਜੀ ਕੰਮਾਂ ਲਈ ਵੱਡੀ ਪੱਧਰ ’ਤੇ ਖੱਜਲ ਖ਼ੁਆਰ ਹੋਣਾ ਪਿਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ, ਦਸੂਹਾ, ਤਲਵਾੜਾ, ਹੁਸ਼ਿਆਰਪੁਰ, ਗੜ੍ਹਸ਼ੰਕਰ, ਹਰਿਆਣਾ, ਮਾਹਿਲਪੁਰ ਵਿਚ ਕਰਮਚਾਰੀਆਂ ਵੱਲੋਂ ਪੂਰਨ ਕਲਮ ਛੋੜ ਹੜਤਾਲ ਕੀਤੀ ਗਈ। ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਕਾਲ ’ਤੇ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟਰੇਟ ਦਫਤਰਾਂ ਦੇ ਮਨਿਸਟ੍ਰੀਅਲ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਦੌਰਾਨ ਮੁੱਖ ਦਫ਼ਤਰਾਂ ਵਿੱਚ ਡੀਸੀ ਦਫ਼ਤਰ, ਸਿੱਖਿਆ ਵਿਭਾਗ ਦੇ ਦਫਤਰ, ਸਿੰਚਾਈ ਵਿਭਾਗ, ਪੀਡਬਲਯੂਡੀ, ਬਾਗਬਾਨੀ ਵਿਭਾਗ, ਐੱਸਡੀਐੱਮ ਦਫ਼ਤਰ, ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਖੇਤੀਬਾੜੀ ਵਿਭਾਗ, ਸਿਵਲ ਸਰਜਨ ਦਫਤਰ, ਜ਼ਿਲ੍ਹਾ ਉਦਯੋਗ ਕੇਂਦਰ ਦਫਤਰ, ਆਬਕਾਰੀ ਵਿਭਾਗ, ਖੇਤੀਬਾੜੀ ਵਿਭਾਗ, ਆਈਟੀਆਈ, ਖਜ਼ਾਨਾ ਵਿਭਾਗ, ਪੋਲੀਟੈਕਨੀਕਲ ਆਦਿ ਦੇ ਕਰਮਚਾਰੀ ਸ਼ਾਮਲ ਸਨ। ਮਿੰਨੀ ਸਕੱਤਰੇਤ ਦੇ ਬਾਹਰ ਗੇਟ ਰੈਲੀਇਹਨਾਂ ਮੁਲਾਜ਼ਮਾਂ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਅਨੀਰੁਧ ਮੋਦਗਿਲ ਜ਼ਿਲ੍ਹਾ ਪ੍ਰਧਾਨ ਅਤੇ ਦੀਪਕ ਤ੍ਰਿਹਣ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸਾਂਝਾ ਮੁਲਾਜ਼ਮ ਫਰੰਟ ਦੇ ਮੁੱਖ ਕਨਵੀਨਰ ਸਤੀਸ਼ ਰਾਣਾ ਤੋਂ ਇਲਾਵਾ ਪੈਨਸ਼ਨਰ ਸਾਥੀ ਕੁਲਵਰਨ ਸਿੰਘ, ਮਨਜੀਤ ਸਿੰਘ ਸੈਣੀ, ਪਰਵੇਸ਼ ਕੁਮਾਰ, ਜੈਲ ਸਿੰਘ ਤੋਂ ਇਲਾਵਾ ਮਨੀਸਟ੍ਰੀਅਲ ਜਥੇਬੰਦੀ ਦੇ ਪੈਂਸ਼ਨਰ ਆਗੂ ਵਰਿਆਮ ਸਿੰਘ ਅਤੇ ਰਵੀ ਦੱਤ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਮੁਲਾਜ਼ਮ ਮਾਰੂ ਫੈਸਲਿਆਂ ਦੀ ਨਿਖੇਧੀ ਕੀਤੀ ਗਈ। ਮੋਦਗਿਲ ਵੱਲੋਂ ਕਿਹਾ ਗਿਆ ਕਿ ਸਰਕਾਰ ਆਪਣੀ ਤਾਕਤ ਦੀ ਗਲਤ ਵਰਤੋਂ ਕਰ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਆਪਣੇ ਹੱਕ ਮੰਗਣ ਤੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ, ਡਾਗਾਂ ਬਰਸਾ ਰਹੀ ਹੈ ਅਤੇ ਨਾਜਾਇਜ਼ ਬਦਲੀਆਂ ਕਰ ਰਹੀ ਹੈ। ਸਰਕਾਰ ਮੁਲਾਜਮਾਂ ਦਾ 18% ਡੀਏ, ਏਸੀਪੀ ਅਤੇ ਭੱਤੇ ਦੱਬੀ ਬੈਠੀ ਹੈ। ਉਨ੍ਹਾਂ ਦਾ ਇੰਨੀ ਘੱਟ ਤਨਖਾਹ ਨਾਲ ਗੁਜਾਰਾ ਕਰਨਾ ਮੁਸ਼ਕਿਲ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਾਂਝੀ ਤਾਲਮੇਲ ਕਮੇਟੀ ਦੇ ਫੈਸਲੇ ਅਨੁਸਾਰ 12 ਸਤੰਬਰ ਤੋਂ ਪੰਜਾਬ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਣਾ ਹੈ। ਇਸ ਜ਼ਿਲੇ ਦੇ ਸ਼੍ਰੀ ਜੈ ਕਿਸ਼ਨ ਰੋੜੀ, ਡਿਪਟੀ ਸਪੀਕਰ ਪੰਜਾਬ ਸਰਕਾਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿੱਚ ਸਾਂਝੀ ਤਾਲਮੇਲ ਕਮੇਟੀ ਦੇ ਸਾਥੀਆਂ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਮਨਿਸਟ੍ਰੀਅਲ ਕਰਮਚਾਰੀ ਸ਼ਾਮਲ ਹੋਣਗੇ।
ਸੁਵਿਧਾ ਕੇਂਦਰਾਂ ਅਤੇ ਦਫ਼ਤਰੀ ਅਮਲੇ ’ਚ ਵੱਖ-ਵੱਖ ਵਿਭਾਗਾਂ ਵਿਚ ਆਮ ਲੋਕਾਂ ਵੱਲੋਂ ਦਿੱਤੀਆਂ ਅਰਜ਼ੀਆਂ ਦੀ ਗਿਣਤੀ 70 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਪਹਿਲਾਂ ਤੋਂ ਹੀ ਲਟਕੇ ਕੰਮਾਂ ਕਾਰਨ ਹੜਤਾਲ ਤੋਂ ਬਾਅਦ ਇਹ ਅਰਜ਼ੀਆਂ ਦੀ ਸਮਾਂ ਸਾਰਨੀ ਹੋਰ ਪੱਛੜ ਜਾਵੇਗੀ। ਜ਼ਿਕਰਯੋਗ ਹੈ ਕਿ ਜਨਮ ਅਤੇ ਮੌਤ ਦੇ ਸਰਟੀਫਿਕੇਟ ਬਣਾਉਣ ਤੋਂ ਇਲਾਵਾ ਜਾਤ ਦੇ ਸਰਟੀਫਿਕੇਟ ਲੈਣ ਲਈ ਵੀ ਲਗਾਤਾਰ ਲੋਕਾਂ ਵੱਲੋਂ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਹੜਤਾਲ ਕਾਰਨ ਉਨ੍ਹਾਂ ਦੀਆਂ ਅਰਜ਼ੀਆਂ ਅੱਗੇ ਤੁਰਨ ਦਾ ਨਾਮ ਨਹੀਂ ਲੈ ਰਹੀਆਂ। ਵੱਖ-ਵੱਖ ਵਿਭਾਗਾਂ ਵਿਚ ਕੰਮਾਂ ਲਈ ਆਏ ਨੀਲਮ ਰਾਣੀ, ਮਾਨਵੀ, ਰੇਖ਼ਾ ਰਾਣੀ, ਗੁਰਮੁਖ ਸਿੰਘ, ਉਕਾਂਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਦੇ ਕੰਮਾਂ ਲਈ ਅਤੇ ਆਪਣੇ ਪਰਿਵਾਰਕ ਕੰਮਾਂ ਲਈ ਲਗਾਤਾਰ ਗੇੜੇ ਮਾਰੇ ਜਾ ਰਹੇ ਹਨ ਪਰ ਹੜਤਾਲਾਂ ਕਾਰਨ ਉਨ੍ਹਾਂ ਦੇ ਕੰਮ ਲਗਾਤਾਰ ਲਟਕ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਤਾਂ ਆਨਲਾਈਨ ਸਿਸਟਮ ਤੋਂ ਅਤੇ ਹੁਣ ਹੜਤਾਲਾਂ ਤੋਂ ਤੰਗ ਆ ਚੁੱਕੇ ਹਨ।