ਮੁਲਾਜ਼ਮ ਜਥੇਬੰਦੀਆਂ ਵੱਲੋਂ ਮਿੰਨੀ ਸਕੱਤਰੇਤ ਅੱਗੇ ਵਿਸ਼ਾਲ ਧਰਨਾ ਮੁਲਾਜਮ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਅੱਗੇ ਵਿਸ਼ਾਲ ਧਰਨਾ
Publish Date: Thu, 27 Aug 2026 05:35 PM (IST)
Updated Date: Thu, 27 Aug 2026 05:37 PM (IST)
- ਹਰ ਵਿਭਾਗ ਦੀ ਮੁਲਾਜ਼ਮ ਜਥੇਬੰਦੀ ਨੇ ਲਿਆ ਹਿੱਸਾ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੀ ਕਾਲ ਅੱਜ ਪੰਜਾਬ ਭਰ ਦੇ ਸਾਰੇ ਦਫਤਰਾਂ ਅਤੇ ਚੰਡੀਗੜ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆ ਵਲੋਂ ਕਲਮ ਛੋੜ ਹੜਤਾਲ ਤੋਂ ਬਾਅਦ ਪੰਜਾਬ ਬੰਦ ਦੌਰਾਨ ਮਿੰਨੀ ਸਕੱਤਰੇਤ ਅੱਗੇ ਪ੍ਰਧਾਨ ਅਨੁਰਿਧ ਮੋਦਗਿੱਲ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਜ਼ਿਲ੍ਹੇ ਵਿੱਚ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ.ਦਫਤਰ, ਸਿੱਖਿਆ ਵਿਭਾਗ ਦੇ ਦਫਤਰ, ਸਿੰਚਾਈ ਵਿਭਾਗ, ਪੀ.ਡਬਲਯੂ.ਡੀ, ਬਾਗਬਾਨੀ ਵਿਭਾਗ, ਐਸ.ਡੀ.ਐਮ ਦਫਤਰ, ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਖੇਤੀਬਾੜੀ ਵਿਭਾਗ, ਸਿਵਲ ਸਰਜਨ ਦਫਤਰ, ਜ਼ਿਲ੍ਹਾ ਉਦਯੋਗ ਕੇਂਦਰ ਦਫਤਰ, ਆਬਕਾਰੀ ਵਿਭਾਗ, ਖੇਤੀਬਾੜੀ ਵਿਭਾਗ, ਆਈ.ਟੀ.ਆਈ, ਖਜਾਨਾ ਵਿਭਾਗ, ਪੋਲੀਟੈਕਨੀਕਲ ਆਦਿ ਦੇ ਕਰਮਚਾਰੀ ਸ਼ਾਮਲ ਹਨ। ਮਨਿਸਟੀਰੀਅਲ ਜਥੇਬੰਦੀ ਅਤੇ ਸਾਂਝਾ ਮੁਲਾਜਮ, ਪੈਨਸ਼ਨਰ ਫਰੰਟ ਦੇ ਆਗੂਆਂ ਵਲੋਂ ਜਥੇਬੰਦੀ ਦੇ ਸਟੈਂਡ ਨੂੰ ਸਪਸ਼ਟ ਕੀਤਾ ਗਿਆ ਅਤੇ ਪੈਂਡਿੰਗ ਮੰਗਾ ਦਾ ਨਿਪਟਾਰਾ ਕਰਨ ਨੂੰ ਕਿਹਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਦਰਸ਼ਾਹੀ ਫ਼ਰਮਾਨਾਂ ਨਾਲ ਮੁਲਾਜਮਾਂ ਨੂੰ ਡਰਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੁਲਾਜਮਾਂ ਦੇ ਦੁੱਖ ਸੁਣਨ ਦੀ ਬਜਾਏ ਉਨ੍ਹਾਂ ਨੂੰ ਸਿੱਧੇ ਅਤੇ ਅਸਿੱਧੇ ਢੰਗ ਨਾਲ ਡਰਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦਸ ਦਿਨਾਂ ਤੋਂ ਹੜਤਾਲ ਕਰਕੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਉੱਚ ਅਦਾਲਤ ਵਲੋਂ ਦਿੱਤੇ ਫ਼ੈਸਲੇ ਨੂੰ ਵੀ ਲਾਗੂ ਕਰਨ ਵਿਚ ਸੂਬਾ ਸਰਕਾਰ ਹਿਚਕਿਚਾਹਟ ਕਰਕੇ ਬਣਦੇ ਬਕਾਏ ਅਤੇ ਹੋਰ ਮੰਗਾਂ ਨੂੰ ਮੰਨਣ ਦੀ ਬਜਾਏ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਜੰਮ ਕੇ ਨਾਹਰੇਬਾਜੀ ਕੀਤੀ। ਕੀ ਹਨ ਮੰਗਾਂ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਮੁਲਾਜ਼ਮਾਂ ਖ਼ਿਲਾਫ਼ ਦੁਸ਼ਮਣਾਨਾ ਵਿਰੋਧ ਵਿੱਚ ਖੜੀ ਹੋ ਚੁੱਕੀ ਆਪ ਸਰਕਾਰ ਖਿਲਾਫ ਮੁਲਾਜ਼ਮਾਂ ਦਾ ਰੋਹ ਸਿਖਰ ਤੇ ਪਹੁੰਚ ਚੁੱਕਿਆ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਜ਼ਰਅੰਦਾਜ਼ ਕਰਨ ਖ਼ਿਲਾਫ਼ 7 ਅਗਸਤ ਨੂੰ ਹੋਈ ਚੰਡੀਗੜ ਮਹਾਂਰੈਲੀ ਵਿੱਚ ਹੋਏ ਲੱਖਾਂ ਦੇ ਇਕੱਠ ਅਤੇ ਹੁਣ 27 ਅਗਸਤ ਦੇ ਮਹਾਂਬੰਦ ਨੂੰ ਮਿਲੇ ਸ਼ਤਪ੍ਰਤੀਸ਼ਤ ਹੁੰਗਾਰੇ ਨੂੰ ਭਗਵੰਤ ਮਾਨ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ। ਮੁਲਾਜ਼ਮਾਂ ਦੇ ਇਸ ਜਨਉਭਾਰ ਨੂੰ ਅਣਡਿੱਠਾ ਕਰਨ ਦੀ ਆਪ ਸਰਕਾਰ ਨੂੰ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇਗੀ। ਆਗੂਆਂ ਨੇ ਕਿਹਾ ਕਿ ਇਸ ਵੱਡੇ ਉਭਾਰ ਦਾ ਮੋਹਰੀ ਕਾਰਨ ਅਖੌਤੀ “ਇਨਕਲਾਬੀ” ਸਰਕਾਰ ਹੱਥੋਂ ਮੁਲਾਜ਼ਮਾਂ ਦੇ ਹਰ ਵਰਗ ਦਾ ਠੱਗਿਆ ਜਾਣਾ ਹੈ। ਜਿਸ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਕਰਨ ਵਾਲੇ ਕੇਂਦਰੀ ਪੈਟਰਨ ਅਧਾਰਿਤ ਨਵੇਂ ਤਨਖਾਹ ਸਕੇਲਾਂ ਨੂੰ ਰੱਦ ਨਾ ਕਰਨਾ, ਬਜਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਨਾ ਕਰਨ, ਮੁਲਾਜ਼ਮਾਂ ਦਾ 18% ਪੈਂਡਿੰਗ ਮਹਿੰਗਾਈ ਭੱਤਾ ਰੋਕਣ, ਪੇਂਡੂ ਤੇ ਬਾਰਡਰ ਏਰੀਆ ਭੱਤਿਆਂ ਸਮੇਤ 37 ਕਿਸਮ ਦੇ ਕੱਟੇ ਗਏ ਭੱਤੇ ਬਹਾਲ ਨਾ ਕਰਨ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਮੁਕੰਮਲ ਰਿਪੋਰਟ ਜਾਰੀ ਕਰਕੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਪੈਂਡਿੰਗ ਲਾਭ ਨਾ ਬਹਾਲ ਕਰਨਾ,ਕੱਚੇ ਮੁਲਾਜ਼ਮਾਂ ਸਮੇਤ ਐਸੋਸੀਏਟ ਟੀਚਰਜ਼ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿਵਲ ਸੇਵਾ ਨਿਯਮਾਂ ਤਹਿਤ ਲਿਆ ਕੇ ਰੈਗੂਲਰ ਨਾ ਕਰਨ, ਰੀਕਾਸਟ ਲਿਸਟਾਂ ਦੇ ਨਾਂ ਹੇਠ 4161 ਮਾਸਟਰ, 6635 ਈਟੀਟੀ ਤੇ ਬਾਕੀ ਭਰਤੀਆਂ ਦੇ ਸੈਂਕੜੇ ਅਧਿਆਪਕਾਂ ਨੂੰ ਜਾਰੀ ਕੀਤੇ ਟਰਮੀਨੇਸ਼ਨ ਦੇ ਸ਼ੋਅ ਕਾਜ ਨੋਟਿਸਾਂ ਨੂੰ ਰੱਦ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਨਾ ਕਰਨਾ ਪ੍ਰਮੁੱਖ ਤੌਰ ਤੇ ਸ਼ਾਮਲ ਹਨ। ਸਿਵਲ ਹਸਪਤਾਲ ਰਿਹਾ ਬੰਦ ਅੱਜ ਡਾਕਟਰਾਂ ਸਮੇਤ ਹੋਰ ਹਸਪਤਾਲ ਦੇ ਅਮਲੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਹਸਪਤਾਲ ਨੂੰ ਬੰਦ ਰੱਖ ਕੇ ਅਤੇ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿਰਫ ਐਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਜਾ ਰਹੀਆਂ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡਾਕਟਰਾਂ ਅਤੇ ਹੋਰ ਅਮਲੇ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੜਤਾਲਾਂ ਕਰ ਰਹੇ ਹਨ ਪਰੰਤੂ ਸਰਕਾਰ ਦੇ ਕੰਨ ਤੇ ਕੋਈ ਜੂੰ ਤੱਕ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਹੜਤਾਲਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ।