ਇਕੋਤਰੀ ਸਮਾਗਮ ਮੌਕੇ ਸਜਾਏ ਨਗਰ ਕੀਰਤਨ ’ਚ ਹਜ਼ਾਰਾਂ ਸ਼ਰਧਾਲੂਆਂ ਨੇ ਕੀਤੀ ਸ਼ਿਰਕਤ ਇਸ਼ਤਿਹਾਰੀ ਪਾਰਟੀ , ਖਬਰ ਜ਼ਰੂਰੀ
Publish Date: Sun, 25 Oct 2026 06:30 PM (IST)
Updated Date: Sun, 25 Oct 2026 06:34 PM (IST)
ਸਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਮਹਾਨ ਸਾਲਾਨਾ ਇਕੋਤਰੀ ਸਮਾਗਮ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸੰਗਤ ਦੇ ਭਾਰੀ ਉਤਸ਼ਾਹ ਹੇਠ ਟਾਂਡਾ ਵਿਖੇ ਪੂਰੇ ਜਾਹੋ ਜਲਾਲ ਨਾਲ ਸਜਾਇਆ ਗਿਆ। ਇਹ ਨਗਰ ਕੀਰਤਨ ਸਵੇਰੇ 10 ਵਜੇ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਰਵਾਨਾ ਹੋਏ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਦੇ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਦੇ ਮਹਾਨ ਉਪਰਾਲੇ ਸਦਕਾ ਇਸ ਨਗਰ ਕੀਰਤਨ ’ਚ ਜਿੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਪੁੱਜੀ ਹੋਈ ਸੀ ਉੱਥੇ ਇਹ ਨਗਰ ਕੀਰਤਨ ਦਾਰਾਪੁਰ ਬਾਈਪਾਸ ਤੋਂ ਹੁੰਦਾ ਹੋਇਆ ਦੇਰ ਸ਼ਾਮ ਡੇਰਾ ਬਾਬਾ ਬਲਵੰਤ ਸਿੰਘ ਵਿਖੇ ਸਮਾਪਤ ਹੋਇਆ। ਇਸ ਦੌਰਾਨ ਇਹ ਨਗਰ ਕੀਰਤਨ ਥਾਣਾ ਟਾਂਡਾ ਮੂਹਰੇ ਪਹੁੰਚਣ ’ਤੇ ਟਾਂਡਾ ਪੁਲਿਸ ਵੱਲੋਂ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਗਾਰਡ ਆਫ ਆਨਰ ਦਿੰਦੇ ਹੋਏ ਸਲਾਮੀ ਦਿੱਤੀ। ਵੱਖ-ਵੱਖ ਗੱਤਕਾ ਪਾਰਟੀਆਂ ਨੇ ਖਾਲਸਈ ਸ਼ਾਨ ਦੇ ਪ੍ਰਤੀਕ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਸੰਤ ਜੋਗਾ ਸਿੰਘ ਰਾਮੂ ਥਿਆੜਾ, ਸੰਤ ਅਮਰੀਕ ਸਿੰਘ, ਸੰਤ ਰਜਨੀਸ਼ ਸਿੰਘ, ਸੰਤ ਬਾਬਾ ਪਰਮਜੀਤ ਸਿੰਘ, ਸੰਤ ਦਵਿੰਦਰ ਸਿੰਘ, ਬਾਬਾ ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਮਹਾਪੁਰਸ਼ਾਂ ਤੋਂ ਇਲਾਵਾ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਅਰਵਿੰਦਰ ਸਿੰਘ ਰਸੂਲਪੁਰ, ਹਲਕਾ ਇੰਚਾਰਜ ਉੜਮੁੜ ਟਾਂਡਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਮਨਜੀਤ ਸਿੰਘ ਦਸੂਹਾ, ਹਰਮੀਤ ਸਿੰਘ ਔਲਖ, ਸੁਖਵਿੰਦਰ ਸਿੰਘ ਮੂਨਕ, ਕਮਲਜੀਤ ਸਿੰਘ ਤੁਲੀ, ਬਿਕਰਮ ਸਿੰਘ ਲਾਲੀ, ਬਲਵਿੰਦਰ ਸਿੰਘ ਚਤੋਵਾਲ, ਮਹਿੰਗਾ ਸਿੰਘ ਚਤੋਵਾਲ, ਦੁਬਈ ਤੋਂ ਆਏ ਸੇਖ ਤੇ ਹੋਰ ਹਾਜ਼ਰ ਵੀ ਨਗਰ ਕੀਰਤਨ ਮੌਕੇ ਨਤਮਸਤਕ ਹੋਏ। ਜ਼ਿਕਰਯੋਗ ਹੈ ਕਿ ਇਕੋਤਰੀ ਸਮਾਗਮਾਂ ਦੀ ਸੰਪੂਰਨਤਾ 26 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਗੁਰਮਤਿ ਸਮਾਗਮ ਦੌਰਾਨ ਹੋਵੇਗੀ। ਇਸ ਮੌਕੇ ਸੰਗਤਾਂ ਦੇ ਗੁਰੂ ਵਾਲੇ ਬਣਨ ਲਈ ਖੰਡੇ ਬਾਟੇ ਦੀ ਪਹੁਲ ਵੀ ਤਿਆਰ ਹੋਵੇਗੀ। ਸੰਤ ਬਾਬਾ ਗੁਰਦਿਆਲ ਸਿੰਘ ਨੇ ਸਮੂਹ ਸੰਗਤ ਨੂੰ ਇਸ ਦਾ ਵੱਧ ਤੋਂ ਵੱਧ ਲਾਹਾ ਖੱਟਣ ਲਈ ਪ੍ਰੇਰਿਆ।