ਪਟਾਖਿਆਂ ਦੀ ਵਿਕਰੀ ਲਈ 57 ਆਰਜ਼ੀ ਲਾਇਸੰਸ ਜਾਰੀ ਜ਼ਿਲਾ ਪ੍ਰਸ਼ਾਸਨ ਨੇ ਪਟਾਖਿਆਂ ਦੀ ਵਿਕਰੀ ਲਈ 57 ਆਰਜ਼ੀ ਲਾਇਸੰਸ ਜਾਰੀ
Publish Date: Wed, 28 Oct 2026 03:42 PM (IST)
Updated Date: Wed, 28 Oct 2026 03:43 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਦੇ ਵਿਸ਼ੇਸ਼ ਕਾਰਜ ਅਫਸਰ ਓਇਸ਼ੀ ਮੰਡਲ ਨੇ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ ਪ੍ਰਚੂਨ ਵਿਚ ਪਟਾਖੇ ਵੇਚਣ ਲਈ ਡਰਾਅ ਰਾਹੀਂ ਜ਼ਿਲ੍ਹੇ ਵਿੱਚ 57 ਆਰਜ਼ੀ ਲਾਇਸੰਸ ਜਾਰੀ ਕੀਤੇ ਹਨ। ਪੂਰੇ ਜ਼ਿਲ੍ਹੇ ਤੋਂ 1128 ਅਰਜ਼ੀਆਂ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਹੋਈਆਂ ਸਨ ਅਤੇ ਅੱਜ ਡਰਾਅ ਰਾਹੀਂ 57 ਆਰਜ਼ੀ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅਸਥਾਈ ਲਾਇਸੰਸ ਸਿਰਫ਼ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ਤੇ ਪਟਾਖੇ ਵੇਚਣ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਟਾਖਾ ਵੇਚਣ ਵਾਲਾ ਅਸਥਾਈ ਲਾਇਸੰਸ ਤੋਂ ਇਲਾਵਾ ਨਿਰਧਾਰਤ ਥਾਵਾਂ ਤੇ ਪਟਾਖੇ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੇ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਸਬ-ਡਵੀਜ਼ਨ ਵਿੱਚ ਪਟਾਖੇ ਸਿਰਫ਼ ਨਿਰਧਾਰਤ ਥਾਵਾਂ ਤੇ ਹੀ ਵੇਚੇ ਜਾਣ। ਡਰਾਅ ਵਿੱਚ ਸਬ ਡਵੀਜ਼ਨ ਹੁਸ਼ਿਆਰਪੁਰ ਵਿੱਚ ਦੁਸਹਿਰਾ ਗਰਾਊਂਡ (ਨਵੀਂ ਆਬਾਦੀ) ਲਈ 18, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ) ਲਈ 5, ਰੋਸ਼ਨ ਗਰਾਊਂਡ ਹੁਸ਼ਿਆਰਪੁਰ ਲਈ 5,ਰਾਮਲੀਲਾ ਗਰਾਊਂਡ ਹਰਿਆਣਾ ਲਈ 5, ਬੁੱਲੋਵਾਲ ਖੁੱਲ੍ਹੀ ਜਗ੍ਹਾ ਲਈ 1, ਅਤੇ ਚੱਬੇਵਾਲ ਖੁੱਲ੍ਹੀ ਜਗ੍ਹਾ ਲਈ 1 ਡਰਾਅ ਕੱਢਿਆ ਗਿਆ, ਸਬ-ਡਿਵੀਜ਼ਨ ਗੜ੍ਹਸ਼ੰਕਰ ਵਿੱਚ ਮਿਲਟਰੀ ਗਰਾਊਂਡ ਲਈ 5, ਸ਼ਹੀਦਾਂ ਰੋਡ (ਦਾਣਾ ਮੰਡੀ), ਮਾਹਿਲਪੁਰ ਲਈ 3 ਅਤੇ ਕੋਟ ਫਤੂਹੀ ਤੋਂ ਬਿੰਜੋ ਰੋਡ ਤੇ ਖਾਲੀ ਸਥਾਨ ਲਈ 1 ਡਰਾਅ ਕੱਢਿਆ ਗਿਆ, ਸਬ-ਡਿਵੀਜ਼ਨ ਦਸੂਹਾ ਵਿੱਚ ਮਹਾਰਿਸ਼ੀ ਵਾਲਮੀਕਿ ਪਾਰਕ ਲਈ 2, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 1 ਅਤੇ ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਲਈ 2 ਡਰਾਅ ਕੱਢੇ ਗਏ। ਸਬ-ਡਵੀਜ਼ਨ ਟਾਂਡਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਦੀ ਗਰਾਉਂਡ ਵਿਖੇ 2 ਅਤੇ ਸ਼ਿਮਲਾ ਪਹਾੜੀ ਪਾਰਕ, ਟਾਂਡਾ ਲਈ 2 ਡਰਾਅ ਕੱਢੇ ਗਏ। ਸਬ-ਡਵੀਜ਼ਨ ਮੁਕੇਰੀਆਂ ਵਿੱਚ ਦੁਸਹਿਰਾ ਗਰਾਊਂਡ ਮੁਕੇਰੀਆਂ ਲਈ 3, ਦੁਸਹਿਰਾ ਗਰਾਊਂਡ ਦਾਤਾਰਪੁਰ ਲਈ 1 ਲਾਇਸੈਂਸ ਜਾਰੀ ਕੀਤੇ ਗਏ ਹਨ।