ਫੂਡ ਸੇਫਟੀ ਟੀਮ ਵੱਲੋਂ ਸੈਲਾ ਖੁਰਦ ਤੇ ਮਾਹਿਲਪੁਰ ਵਿਖੇ ਕਾਰਵਾਈ ਫੂਡ ਸੇਫਟੀ ਟੀਮ ਵੱਲੋਂ ਸੈਲਾ ਖੁਰਦ ਅਤੇ ਮਾਹਿਲਪੁਰ ਵਿਖੇ ਕਾਰਵਾਈ
Publish Date: Thu, 29 Oct 2026 03:10 PM (IST)
Updated Date: Thu, 29 Oct 2026 03:13 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਸੈਲਾ ਖੁਰਦ ਅਤੇ ਮਾਹਿਲਪੁਰ ਵਿਖੇ ਖਾਧ ਪਦਾਰਥਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਫੂਡ ਸੇਫਟੀ ਅਫ਼ਸਰ ਇਸ਼ਾਨ ਬਾਂਸਲ ਅਤੇ ਟੀਮ ਵੱਲੋਂ ਕੁੱਲ ਚਾਰ ਸੈਂਪਲ ਲਏ ਗਏ, ਜਿਨ੍ਹਾਂ ਵਿੱਚ ਮਠਿਆਈਆਂ ਦੇ ਦੋ, ਨੂਡਲਜ਼ ਦਾ ਇੱਕ ਅਤੇ ਮੱਠੀ ਦਾ ਇੱਕ ਸੈਂਪਲ ਸ਼ਾਮਲ ਹੈ। ਇਹ ਸੈਂਪਲ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਲਈ ਲਏ ਗਏ। ਜਾਂਚ ਦੌਰਾਨ ਇੱਕ ਸਟਰੀਟ ਫੂਡ ਵਿਕਰੇਤਾ ਕੋਲ ਫਲ ਦੂਸ਼ਿਤ ਹਾਲਤਾਂ ਅਤੇ ਗ਼ੈਰ-ਸਫ਼ਾਈ ਵਾਲੇ ਬਰਤਨਾਂ ਵਿੱਚ ਸਟੋਰ ਕੀਤੇ ਮਿਲੇ। ਟੀਮ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉਕਤ ਫਲ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤੇ ਗਏ ਅਤੇ ਵਿਕਰੇਤਾ ਨੂੰ ਸਫ਼ਾਈ ਦੇ ਮਾਪਦੰਡਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਡਾ. ਜਤਿੰਦਰ ਭਾਟੀਆ ਨੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਖਾਧ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।