- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਸੁਧਾਰ ਟਰੱਸਟ ਦੀ ਵੱਡੀ ਕਾਰਵਾਈ

- ਸਰਕਾਰੀ ਜਾਇਦਾਦਾਂ ’ਤੇ ਕੀਤੇ ਕਬਜ਼ਿਆਂ ਖ਼ਿਲਾਫ਼ ਨਗਰ ਸੁਧਾਰ ਟਰੱਸਟ ਦੀ ਵੱਡੀ ਕਾਰਵਾਈ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਟਰੱਸਟ ਦਫ਼ਤਰ ਵੱਲੋਂ ਸਰਕਾਰੀ ਜਾਇਦਾਦਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕਾਰਵਾਈ ਤਹਿਤ ਟਰੱਸਟ ਦੀ ਸਕੀਮ ਨੰਬਰ-10 ਡਾ. ਅੰਬੇਡਕਰ ਨਗਰ ਵਿੱਚ ਪਿਛਲੇ ਕਰੀਬ 20 ਸਾਲਾਂ ਤੋਂ ਕਬਜ਼ੇ ਹੇਠ ਰਹੇ ਦੋ ਪਲਾਟਾਂ ਨੂੰ ਕਬਜ਼ਾਮੁਕਤ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੀਮ ਨੰਬਰ 10 ਵਿੱਚ ਪਲਾਟ ਨੰਬਰ 369-ਬੀ, ਜਿਸ ਦਾ ਰਕਬਾ ਕਰੀਬ 214 ਵਰਗ ਗਜ਼ ’ਤੇ ਕਬਜ਼ਾਧਾਰਕਾਂ ਵੱਲੋਂ ਚਾਰਦੀਵਾਰੀ ਕਰ ਕੇ ਗੇਟ ਲਗਾਇਆ ਗਿਆ ਸੀ। ਟਰੱਸਟ ਦਫ਼ਤਰ ਦੀ ਟੀਮ ਨੇ ਮੌਕੇ ’ਤੇ ਕਾਰਵਾਈ ਕਰਦਿਆਂ ਕਬਜ਼ਾ ਆਪਣੇ ਅਧੀਨ ਲੈ ਲਿਆ ਅਤੇ ਗੇਟ ਨੂੰ ਤਾਲਾ ਲਗਾ ਦਿੱਤਾ।
ਇਸੇ ਤਰ੍ਹਾਂ ਪਲਾਟ ਨੰਬਰ 400-ਏ, ਜਿਸ ਦਾ ਰਕਬਾ ਕਰੀਬ 370 ਵਰਗ ਗਜ਼ ਹੈ ’ਤੇ ਵੀ ਕਬਜ਼ਾਧਾਰਕਾਂ ਵੱਲੋਂ ਸੜਕ ਬਣਾ ਕੇ ਆਪਣੇ ਨਿਵਾਸ ਲਈ ਰਸਤਾ ਦਿੱਤਾ ਗਿਆ ਸੀ ਅਤੇ ਪਲਾਟ ਦੇ ਸਾਹਮਣੇ ਵੱਡਾ ਗੇਟ ਲਗਾਇਆ ਗਿਆ ਸੀ। ਟਰੱਸਟ ਦਫ਼ਤਰ ਦੀ ਕਾਰਵਾਈ ਦੌਰਾਨ ਗੇਟ ਹਟਾ ਕੇ ਪਲਾਟ ਦਾ ਕਬਜ਼ਾ ਵਾਪਸ ਲੈ ਲਿਆ ਗਿਆ ਅਤੇ ਮੌਕੇ ’ਤੇ ਟਰੱਸਟ ਦੀ ਜਾਇਦਾਦ ਸਬੰਧੀ ਬੋਰਡ ਲਗਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਨ੍ਹਾਂ ਦੋਵਾਂ ਪਲਾਟਾਂ ਨੂੰ ਟਰੱਸਟ ਦਫ਼ਤਰ ਵੱਲੋਂ ਈ-ਆਕਸ਼ਨ ਰਾਹੀਂ ਵੇਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਟਰੱਸਟ ਦੀ ਰਾਜੀਵ ਗਾਂਧੀ ਐਵੇਨਿਊ ਵਿੱਚ ਹੈਲਥ ਸੈਂਟਰ ਲਈ 3292 ਵਰਗ ਗਜ਼ ਅਤੇ ਪ੍ਰਾਇਮਰੀ ਸਕੂਲ ਲਈ 6248 ਵਰਗ ਗਜ਼ ਜ਼ਮੀਨ ਹੈ। ਟਰੱਸਟ ਦਫ਼ਤਰ ਵੱਲੋਂ ਸਾਲ 2025-26 ਦੀ ਨਿਲਾਮੀ ਵਿੱਚ ਇਨ੍ਹਾਂ ਦੀ ਕੀਮਤ 30,435 ਰੁਪਏ ਪ੍ਰਤੀ ਵਰਗ ਗਜ਼ 7 ਲੱਖ ਰੁਪਏ ਪ੍ਰਤੀ ਮਰਲਾ ਨਿਰਧਾਰਤ ਕੀਤੀ ਗਈ ਸੀ। ਇਸ ਨਿਲਾਮੀ ਵਿੱਚ ਇਨ੍ਹਾਂ ਦੋਵਾਂ ਜਾਇਦਾਦਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਕੋਈ ਬੋਲੀਕਾਰ ਨਹੀਂ ਆਇਆ ਸੀ। ਇਸ ਨੂੰ ਦੇਖਦਿਆਂ ਸਰਕਾਰ ਵੱਲੋਂ ਨਿਰਧਾਰਤ ਪ੍ਰਾਈਜ਼ ਐਂਡ ਰੈਂਟ ਫਿਕਸੇਸ਼ਨ ਕਮੇਟੀ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਕੀਤੀ ਜਾਂਦੀ ਹੈ, ਨੇ ਰੇਟਾਂ ਵਿੱਚ 25 ਫ਼ੀਸਦੀ ਕਟੌਤੀ ਕਰਦਿਆਂ ਇਨ੍ਹਾਂ ਦੋਵਾਂ ਜਾਇਦਾਦਾਂ ਦੀ ਕੀਮਤ 22,826 ਰੁਪਏ ਪ੍ਰਤੀ ਵਰਗ ਗਜ਼ ਜਾਂ 5 ਲੱਖ 25 ਹਜ਼ਾਰ ਰੁਪਏ ਪ੍ਰਤੀ ਮਰਲਾ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਵੱਖ-ਵੱਖ ਰਕਬਿਆਂ ਵਾਲੇ 58 ਪਲਾਟਾਂ ਦਾ ਡਰਾਅ ਜਲਦੀ ਹੀ ਕੱਢਿਆ ਜਾਣਾ ਹੈ। ਇਸ ਦੇ ਵਿਕਾਸ ਕਾਰਜਾਂ ਸਬੰਧੀ ਸਰਕਾਰ ਵੱਲੋਂ ਟੈਂਡਰ ਪ੍ਰਕਿਰਿਆ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਮੌਕੇ ’ਤੇ ਕੰਮ ਸ਼ੁਰੂ ਹੋ ਜਾਣਗੇ।