ਸਕੂਲੀ ਵਾਹਨ ਦਰੱਖਤ ‘ਚ ਵੱਜਾ: 7 ਬੱਚੇ ਜ਼ਖਮੀ, ਡਰਾਈਵਰ ਗੰਭੀਰ ਸਕੂਲੀ ਵਾਹਨ ਦਰੱਖਤ ‘ਚ ਵੱਜਾ: 7 ਬੱਚੇ ਜ਼ਖਮੀ, ਗੰਭੀਰ ਜ਼ਖਮੀ ਡਰਾਈਵਰ ਜਲੰਧਰ ਰੈਫਰ
Publish Date: Wed, 28 Oct 2026 04:26 PM (IST)
Updated Date: Wed, 28 Oct 2026 04:28 PM (IST)
ਦੇਸ ਰਾਜ, ਪੰਜਾਬੀ ਜਾਗਰਣ ਤਲਵਾੜਾ : ਕੱਲ ਸਵੇਰੇ ਕਰੀਬ ਸਾਢੇ 7 ਵਜੇ ਕਮਾਹੀ ਦੇਵੀ ਨੇੜਲੇ ਪਿੰਡ ਲੱਬਰ ਪੁਹਾਰੀ ਨੇੜੇ ਸਕੂਲੀ ਵਾਹਨ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਡਰਾਈਵਰ ਅਤੇ 7 ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਬੱਚਿਆਂ ਨੂੰ ਨੇੜਲੇ ਕਮਾਹੀ ਦੇਵੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਬੱਚਿਆਂ ਮੁਕੇਰੀਆਂ ਦੇ ਇੱਕ ਨਿੱਜ਼ੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਡਰਾਈਵਰ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਾਤਾਰਪੁਰ ਦੇ ਸੰਸਕਾਰ ਵੈਲੀ ਸਕੂਲ ਦਾ ਇੱਕ ਸਕੂਲੀ ਵਾਹਨ ਲੱਬਰ ਪੁਹਾਰੀ ਖੇਤਰ ਦੇ ਬੱਚਿਆ ਨੂੰ ਲੈ ਕੇ ਸਕੂਲ ਵੱਲ ਆ ਰਿਹਾ ਸੀ। ਪ੍ਰਤੱਖਦਰਸ਼ੀਆ ਅਨੁਸਾਰ ਹਾਦਸੇ ਮੌਕੇ ਸਕੂਲੀ ਵਾਹਨ ਕਾਫੀ ਤੇਜ ਰਫਤਾਰ ਸੀ ਅਤੇ ਡਰਾਈਵਰ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਇਸ ਦੌਰਾਨ ਸਾਹਮਣੇ ਆਏ ਇੱਕ ਵਾਹਨ ਤੋਂ ਬਚਦਿਆਂ ਸੰਤੁਲਨ ਵਿਗੜਣ ਕਾਰਨ ਇਹ ਵਾਹਨ ਸੜਕ ਕਿਨਾਰੇ ਵਾਲੇ ਦਰੱਖਤ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਕਰੀਬ 7 ਸਕੂਲੀ ਬੱਚੇ ਜ਼ਮਖੀ ਹੋ ਗਏ, ਜਿਨ੍ਹਾਂ ਨੂੰ ਸਥਾਨਿਕ ਲੋਕਾਂ ਵਲੋਂ ਨੇੜਲੇ ਕਮਾਹੀ ਦੇਵੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਮੁਕੇਰੀਆਂ ਦੇ ਇੱਕ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ, ਜਿੱਥੇ ਕਿ ਉਹ ਜ਼ੇਰੇ ਇਲਾਜ਼ ਹਨ। ਜਦੋਂ ਪੱਤਰਕਾਰ ਸਕੂਲ ਵਿੱਚ ਪੁੱਜੇ ਤਾਂ ਪਤਾ ਲੱਗਿਆ ਕਿ ਸਕੂਲ ਪ੍ਰਬੰਧਕਾਂ ਵਲੋਂ ਸਕੂਲ ਵਿੱਚ ਅਣਦੱਸੇ ਕਾਰਨਾਂ ਕਰਕੇ ਛੁੱਟੀ ਕਰ ਦਿੱਤੀ ਗਈ ਹੈ। ਸਕੂਲ ਪ੍ਰਬੰਧਕ ਅਨਿਲ ਕੁਮਾਰ ਨੂੰ ਫੋਨ ਕਰਨ ‘ਤੇ ਉਨ੍ਹਾਂ ਨਹੀਂ ਚੁੱਕਿਆ। ਹਸਪਤਾਲ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਖ਼ਮੀਆਂ ਵਿੱਚ ਰਿਆਨ ਮੁਹੰਮਦ ਪੁੱਤਰ ਨੇਕ ਮੁਹੰਮਦ (7 ਸਾਲ), ਮੁਹੰਮਦ ਰਜਾਕ ਪੁੱਤਰ ਰਮਜਾਨ ਉਮਰ 14 ਸਾਲ, ਐਆਨ ਪੁੱਤਰ ਬਲਜਿੰਦਰ ਸਿੰਘ, ਉਮਰ 14 ਸਾਲ, ਮੁਹੰਮਦ ਰਿਹਾਨ ਪੁੱਤਰ ਰਮਜਾਨ ਉਮਰ 10 ਸਾਲ, ਸਮਰ ਪੁੱਤਰ ਪ੍ਰੇਮ ਕੁਮਾਰ ਉਮਰ 4 ਸਾਲ, ਮੁਹੰਮਦ ਵਿਹਾਨ ਪੁੱਤਰ ਨੇਕ ਮੁਹੰਮਦ ਉਮਰ 7 ਸਾਲ ਸ਼ਾਮਲ ਹਨ। ਮੌਕੇ ‘ਤੇ ਪੁੱਜੇ ਪ੍ਰਬੰਧਕਾਂ ਨੇ ਨੁਕਸਾਨੇ ਵਾਹਨ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਕਿਸੇ ਅਣਦੱਸੀ ਥਾਂ ‘ਤੇ ਭੇਜ ਦਿੱਤਾ ਅਤੇ ਬੱਚਿਆਂ ਨੂੰ ਹਸਪਤਾਲਾਂ ਵਿੱਚ ਪੁਜਾ ਕੇ ਮਾਪਿਆਂ ਨੂੰ ਭਰੋਸੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਇਲਾਕੇ ਅੰਦਰ ਚੱਲਦੇ ਜਿਆਦਾਤਰ ਸਕੂਲੀ ਵਾਹਨ ਸੇਫਾ ਵਾਹਨ ਨਿਯਮਾਂ ਦੀ ਉਲੰਘਣਾ ਕਰਕੇ ਚੱਲ ਰਹੇ ਹਨ ਅਤੇ ਕਦੇ ਵੀ ਪ੍ਰਸਾਸ਼ਨ ਨੇ ਇੱਧਰ ਧਿਆਨ ਨਹੀਂ ਦਿੱਤਾ। ਕਈ ਸਕੂਲਾਂ ਵਿੱਚ ਬੱਸਾਂ ਜਾਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਕੋਲ ਲਾਇਸੰਸ ਤੱਕ ਵੀ ਨਹੀਂ ਹੈ। ਨਿਯਮਾਂ ਅਨੁਸਾਰ ਹਾਦਸਾ ਗ੍ਰਸਤ ਵਾਹਨ ਜਾਂ ਤਾਂ ਮੌਕੇ ‘ਤੇ ਰਹਿਣਾ ਚਾਹੀਦਾ ਹੈ ਜਾਂ ਫਿਰ ਇਹ ਪੁਲਿਸ ਨੇ ਕਬਜ਼ੇ ਵਿੱਚ ਲੈਣਾ ਹੁੰਦਾ ਹੈ ਪਰ ਜਦੋਂ ਪੁਲਿਸ ਪੁੱਜੀ ਤਾਂ ਇਸ ਤੋਂ ਪਹਿਲਾਂ ਹਾਦਸਾਗ੍ਰਸਤ ਵਾਹਨ ਹੀ ਗਾਇਬ ਕਰ ਦਿੱਤਾ ਗਿਆ, ਜਿਸਨੇ ਪੁਲਿਸ ਪ੍ਰਸਾਸ਼ਨ ਦੀ ਗੰਭੀਰਤਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਨੇ ਦੱਸਿਆ ਕਿ ਮੌਕੇ ‘ਤੇ ਪੁੱਜੀ ਪੁਲਿਸ ਨੇ ਵੀ ਕੇਵਲ ਕਾਗਜੀ਼ ਖਾਨਾਪੂਰਤੀ ਕੀਤੀ ਹੈ ਜਦੋਂ ਕਿ ਪੁਲਿਸ ਨੂੰ ਚਾਹੀਦਾ ਸੀ ਕਿ ਉਹ ਹਾਦਸੇ ਦੇ ਕਾਰਨਾਂ ਅਤੇ ਗਾਇਬ ਹੋਏ ਹਾਦਸਾਗ੍ਰਸਤ ਵਾਹਨ ਬਾਰੇ ਗੰਭੀਰਤਾ ਨਾਲ ਪੁੱਛਦੇ ਪਰ ਉਨ੍ਹਾਂ ੳਹ ਗੰਭੀਰਤਾ ਨਹੀਂ ਦਿਖਾਈ। ਇਸ ਸਬੰਧੀ ਸੰਪਰਕ ਕਰਨ ‘ਤੇ ਐਸਐਚਓ ਸੱਤਪਾਲ ਸਿੰਘ ਨੇ ਕਿਹਾ ਕਿ ਇਸ ਹਾਦਸੇ ਦਾ ਪਤਾ ਲੱਗਣ ‘ਤੇ ਪੁਲੀਸ ਟੀਮ ਭੇਜ ਦਿੱਤੀ ਗਈ ਹੈ ਅਤੇ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।