ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਪਾਰਟੀ ਹਾਈਕਮਾਂਡ ਦਾ ਧੰਨਵਾਦ
Publish Date: Sat, 31 Oct 2026 04:30 PM (IST)
Updated Date: Sat, 31 Oct 2026 04:31 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਉਮੀਦਵਾਰਾਂ ਦੀਆਂ ਟਿਕਟਾਂ ਦਾ ਐਲਾਨ ਹੁੰਦੇ ਸਾਰ ਹੀ ਹੁਸ਼ਿਆਰਪੁਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਟਿਕਟ ਦਾ ਐਲਾਨ ਹੋਣ ਉਪਰੰਤ ਹੁਸ਼ਿਆਰਪੁਰ ਸਥਿਤ ਬ੍ਰਹਮ ਸ਼ੰਕਰ ਜਿੰਪਾ ਦੇ ਗੈਸਟ ਹਾਊਸ ਵਿਖੇ ਵਧਾਈਆਂ ਦੇਣ ਵਾਲੇ ਸਮਰਥਕਾਂ ਅਤੇ ਸਥਾਨਕ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਚ ਪਹੁੰਚੇ ਲੋਕਾਂ ਨੇ ਢੋਲ ਦੀ ਥਾਪ ਅਤੇ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਬ੍ਰਹਮ ਸ਼ੰਕਰ ਜਿੰਪਾ ਨੇ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ’ਤੇ ਦੂਸਰੀ ਵਾਰ ਵੱਡਾ ਭਰੋਸਾ ਜਤਾਇਆ ਹੈ, ਜਿਸ ਲਈ ਉਹ ਪਾਰਟੀ ਦੇ ਆਗੂਆਂ ਅਤੇ ਖਾਸ ਕਰਕੇ ਹੁਸ਼ਿਆਰਪੁਰ ਦੇ ਲੋਕਾਂ ਦਾ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਮਝਦਾਰ ਵੋਟਰ ਇਸ ਵਾਰ ਵੀ ਭਾਰੀ ਬਹੁਮਤ ਨਾਲ ਜਿੱਤਾ ਕੇ ਇਹ ਸੀਟ ਪੰਜਾਬ ਸਰਕਾਰ ਦੀ ਝੋਲੀ ਪਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਹੁਸ਼ਿਆਰਪੁਰ ਦੇ ਵਿਕਾਸ ਲਈ ਕਾਫੀ ਕੰਮ ਕੀਤੇ ਗਏ ਹਨ ਅਤੇ ਜੋ ਰਹਿੰਦੇ ਵਿਕਾਸ ਕਾਰਜ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਹੁਸ਼ਿਆਰਪੁਰ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਅਤੇ ਵਿਕਾਸ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਉਨ੍ਹਾਂ ਦੀ ਮੁੱਖ ਵਚਨਬੱਧਤਾ ਰਹੇਗੀ। 2022 ਦੀਆਂ ਚੋਣਾਂ ’ਚ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲੀਆਂ ਸਨ 51,112 ਵੋਟਾਂ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਸਾਲ 2022 ਦੌਰਾਨ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਜਿੰਪਾ ਨੂੰ ਕੁੱਲ 51,112 ਵੋਟਾਂ ਪ੍ਰਾਪਤ ਹੋਈਆਂ ਸਨ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਕਾਂਗਰਸ ਦੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਨੂੰ 37,253 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਜਿੰਪਾ ਨੇ ਅਰੋੜਾ ਨੂੰ 13,859 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਚੋਣ ਮੈਦਾਨ ਵਿੱਚ ਭਾਜਪਾ ਦੇ ਉਮੀਦਵਾਰ ਤੀਕਸ਼ਣ ਸੂਦ ਤੀਜੇ ਸਥਾਨ ’ਤੇ ਰਹੇ ਸਨ, ਜਿਨ੍ਹਾਂ ਨੂੰ 23,973 ਵੋਟਾਂ ਮਿਲੀਆਂ ਸਨ। ਬਸਪਾ ਦੇ ਉਮੀਦਵਾਰ ਵਰਿੰਦਰ ਸਿੰਘ ਪਰਹਾਰ ਨੂੰ 12,087 ਵੋਟਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਰਾਜਵੀਰ ਸਿੰਘ ਕਲਸੀ ਨੂੰ 1,187, ਡਾ. ਨਰੇਸ਼ ਸੱਗਰ ਨੂੰ 545, ਜਸਵੀਰ ਸਿੰਘ ਨੂੰ 304 ਅਤੇ ਓਮ ਪ੍ਰਕਾਸ਼ ਜਾਖੂ ਨੂੰ 295 ਵੋਟਾਂ ਮਿਲੀਆਂ ਸਨ।