ਲਗਾਤਾਰ ਹਾਰਾਂ ਤੋਂ ਬਾਅਦ ‘ਆਪ’ ਨੂੰ ‘ਸਾਬੀ’ ਤੋਂ ਆਸ, ਮੁਲਤਾਨੀ ਦੀ ਬਗ਼ਾਵਤ ਬਣੀ ਚੁਣੌਤੀ ਮੁਕੇਰੀਆਂ ’ਚ ਲਗਾਤਾਰ ਹਾਰਾਂ ਤੋਂ ਬਾਅਦ ‘ਆਪ’ ਨੂੰ ‘ਸਾਬੀ’ ਤੋਂ ਆਸ, ਮੁਲਤਾਨੀ ਦੀ ਬਗ਼ਾਵਤ ਬਣ ਸਕਦੀ ਹੈ ਚੁਣੌਤੀ
Publish Date: Sat, 14 Nov 2026 03:57 PM (IST)
Updated Date: Sat, 14 Nov 2026 04:00 PM (IST)
16 ਨਵੰਬਰ ਨੂੰ ਸਮਰਥਕਾਂ ਦੀ ਇਕੱਤਰਤਾ ਸੱਦਣ ਨਾਲ ਸਿਆਸੀ ਹਲਚਲ ਤੇਜ਼ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਦੂਜੀ ਸੂਚੀ ਵਿੱਚ ਸਰਬਜੋਤ ਸਿੰਘ ਸਾਬੀ ਨੂੰ ਮੁਕੇਰੀਆਂ ਤੋਂ ਉਮੀਦਵਾਰ ਐਲਾਨੇ ਜਾਣ ਨਾਲ ਭਾਵੇਂ ਟਿਕਟ ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ ਨੂੰ ਵਿਰਾਮ ਲੱਗ ਗਿਆ ਹੈ, ਪਰ ਪਾਰਟੀ ਅੰਦਰਲੀ ਧੜੇਬੰਦੀ ਅਤੇ ਨਾਰਾਜ਼ਗੀ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਕਰੀਬ ਚਾਰ ਮਹੀਨੇ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਸਾਬੀ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਹੁਣ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦੇ ਸਮਰਥਕਾਂ ਵਿੱਚ ਉਤਸ਼ਾਹ ਹੈ, ਪਰ ਦੂਜੇ ਪਾਸੇ ਸਾਬਕਾ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਦੀ ਨਾਰਾਜ਼ਗੀ ਪਾਰਟੀ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਪਾਰਟੀ ਵਿੱਚ ਪਿਛਲੇ 11 ਸਾਲਾਂ ਤੋਂ ਸਰਗਰਮ ਰਹੇ ਪ੍ਰੋ. ਮੁਲਤਾਨੀ ਨੇ ਟਿਕਟ ਨਾ ਮਿਲਣ ’ਤੇ ਨਜ਼ਰਅੰਦਾਜ਼ ਕੀਤੇ ਜਾਣ ਦਾ ਰੋਸ ਜ਼ਾਹਰ ਕਰਦਿਆਂ 16 ਨਵੰਬਰ ਨੂੰ ਆਪਣੇ ਸਮਰਥਕਾਂ ਦੀ ਇਕੱਤਰਤਾ ਸੱਦ ਲਈ ਹੈ। ਉਨ੍ਹਾਂ ਵੱਲੋਂ ਇਸ ਮੌਕੇ ਕੋਈ ਅਹਿਮ ਸਿਆਸੀ ਫ਼ੈਸਲਾ ਲਏ ਜਾਣ ਦੇ ਸੰਕੇਤਾਂ ਨੇ ਪਾਰਟੀ ਦੀ ਚਿੰਤਾ ਵਧਾ ਦਿੱਤੀ ਹੈ। ਇਸੇ ਤਰ੍ਹਾਂ ਪਾਰਟੀ ਵਿੱਚੋਂ ਬਾਹਰ ਕੀਤੇ ਗਏ ਸੁਲੱਖਣ ਸਿੰਘ ਜੱਗੀ ਦੇ ਵੀ ‘ਆਪ’ ਵਿਰੁੱਧ ਸਰਗਰਮ ਹੋਣ ਦੇ ਆਸਾਰ ਹਨ। ਅਜਿਹੇ ਹਾਲਾਤ ਵਿੱਚ ਸੱਤਾਧਾਰੀ ਪਾਰਟੀ ਲਈ ਮੁਕੇਰੀਆਂ ਦੀ ਚੋਣ ਜਿੱਤਣ ਦਾ ਰਾਹ ਸੁਖਾਲਾ ਨਹੀਂ ਜਾਪਦਾ। ਤਿੰਨ ਚੋਣਾਂ, ਤਿੰਨ ਹਾਰਾਂ ਮੁਕੇਰੀਆਂ ਵਿੱਚ ‘ਆਪ’ ਦਾ ਵਿਧਾਨ ਸਭਾ ਚੋਣ ਸਫ਼ਰ 2017 ਵਿੱਚ ਸ਼ੁਰੂ ਹੋਇਆ ਸੀ। 2017 ਦੀ ਵਿਧਾਨ ਸਭਾ ਚੋਣ ਵਿੱਚ ਸੁਲੱਖਣ ਸਿੰਘ ਜੱਗੀ ਨੇ 17005 ਵੋਟਾਂ ਹਾਸਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। 2019 ਦੀ ਜ਼ਿਮਨੀ ਚੋਣ ਵਿੱਚ ਪ੍ਰੋ. ਜੀਐੱਸ ਮੁਲਤਾਨੀ ਨੂੰ 8261 ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ ’ਤੇ ਰਹੇ। ਸਾਲ 2022 ਵਿੱਚ ਪੰਜਾਬ ਭਰ ਵਿੱਚ ‘ਆਪ’ ਦੀ ਲਹਿਰ ਦੇ ਬਾਵਜੂਦ ਮੁਕੇਰੀਆਂ ਵਿੱਚ ਪਾਰਟੀ ਜਿੱਤ ਦਰਜ ਨਹੀਂ ਕਰ ਸਕੀ। ਹਾਲਾਂਕਿ ਪ੍ਰੋ. ਮੁਲਤਾਨੀ ਨੇ 38353 ਵੋਟਾਂ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹ ਅੰਕੜੇ ਪਾਰਟੀ ਦੇ ਵਧਦੇ ਜਨ-ਆਧਾਰ ਦੇ ਨਾਲ ਜਿੱਤ ਵਿੱਚ ਬਦਲਣ ਦੀ ਚੁਣੌਤੀ ਵੀ ਦਰਸਾਉਂਦੇ ਹਨ। ਬਗਾਵਤ ਤੈਅ ਕਰੇਗੀ ਸਿਆਸੀ ਭਵਿੱਖ? ਮੁਕੇਰੀਆਂ ਦਾ ਚੋਣ ਇਤਿਹਾਸ ਗਵਾਹ ਹੈ ਕਿ ਇੱਥੇ ਪਾਰਟੀ ਨਾਲੋਂ ਨਿੱਜੀ ਜਨ-ਆਧਾਰ ਕਈ ਵਾਰ ਵਧੇਰੇ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ। ਸਾਲ 2012 ਵਿੱਚ ਕਾਂਗਰਸ ਵੱਲੋਂ ਟਿਕਟ ਨਾ ਮਿਲਣ ’ਤੇ ਰਜਨੀਸ਼ ਕੁਮਾਰ ਬੱਬੀ ਨੇ ਬਗਾਵਤ ਕਰਦੇ ਹੋਏ ਆਜ਼ਾਦ ਉਮੀਦਵਾਰ ਵਜੋਂ 53951 ਵੋਟਾਂ ਹਾਸਲ ਕਰਕੇ ਭਾਜਪਾ ਦੇ ਅਰੁਨੇਸ਼ ਸ਼ਾਕਰ ਨੂੰ 12119 ਵੋਟਾਂ ਨਾਲ ਹਰਾਇਆ ਸੀ। ਉਨ੍ਹਾਂ ਨੂੰ ਨਿੱਜੀ ਜਨ-ਆਧਾਰ ਅਤੇ ਹਮਦਰਦੀ ਦੇ ਵੋਟ ਮਿਲਣ ਕਾਰਨ ਉਨ੍ਹਾਂ ਦੀ ਜਿੱਤ ਸੰਭਵ ਹੋਈ ਸੀ। ਦੂਜੇ ਪਾਸੇ, ਕਾਂਗਰਸ ਦੇ ਅਧਿਕਾਰਤ ਉਮੀਦਵਾਰ ਅਜੀਤ ਨਾਰੰਗ ਨੂੰ ਸਿਰਫ਼ 13524 ਵੋਟਾਂ ਮਿਲੀਆਂ ਸਨ। ਇਹ ਮਿਸਾਲ ਮੌਜੂਦਾ ਸਿਆਸੀ ਹਾਲਾਤ ਵਿੱਚ ਵੀ ਮਹੱਤਵਪੂਰਨ ਹੈ। 16 ਨਵੰਬਰ ਦੀ ਇਕੱਤਰਤਾ ’ਤੇ ਟਿਕੀਆਂ ਨਿਗਾਹਾਂ ਪਿਛਲੇ ਸਮੇਂ ਦੌਰਾਨ ਪ੍ਰੋ. ਮੁਲਤਾਨੀ ਵੱਲੋਂ ‘ਮਿਸ਼ਨ 2027’ ਤਹਿਤ ਪਿੰਡਾਂ ਵਿੱਚ ਮੀਟਿੰਗਾਂ ਅਤੇ ਲੋਕ ਸੰਪਰਕ ਮੁਹਿੰਮ ਜਾਰੀ ਰੱਖੀ ਗਈ ਹੈ। ਉਨ੍ਹਾਂ ਨਾਲ ਜੁੜੇ ਪਾਰਟੀ ਆਗੂਆਂ ਅਤੇ ਸਮਰਥਕਾਂ ਦੀ ਸਰਗਰਮੀ ਵੀ ਸਿਆਸੀ ਮਹੱਤਵ ਰੱਖਦੀ ਹੈ। ਹੁਣ 16 ਨਵੰਬਰ ਦੀ ਇਕੱਤਰਤਾ ਵਿੱਚ ਲਿਆ ਜਾਣ ਵਾਲਾ ਫ਼ੈਸਲਾ ਮੁਕੇਰੀਆਂ ਦੇ ਚੋਣ ਸਮੀਕਰਨਾਂ ਦੀ ਦਿਸ਼ਾ ਤੈਅ ਕਰ ਸਕਦਾ ਹੈ। ਪਾਰਟੀ ਉਮੀਦਵਾਰ ਸਰਬਜੋਤ ਸਿੰਘ ਸਾਬੀ ਲਈ ਸਭ ਤੋਂ ਵੱਡੀ ਚੁਣੌਤੀ ਸਿਰਫ਼ ਵਿਰੋਧੀ ਪਾਰਟੀਆਂ ਨਹੀਂ, ਸਗੋਂ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਅਤੇ ਪਾਰਟੀ ਕਾਡਰ ਨੂੰ ਇਕਜੁੱਟ ਰੱਖਣਾ ਵੀ ਬਣਦੀ ਨਜ਼ਰ ਆ ਰਹੀ ਹੈ।