‘ਆਪ’ ਸਰਕਾਰ ਨੇ ਮੈਡੀਕਲ ਕਾਲਜ ਦੀ ਉਸਾਰੀ ਨੂੰ ਪਹਿਨਾਇਆ ਅਮਲੀ ਜਾਮਾ ‘ਆਪ’ ਸਰਕਾਰ ਨੇ ਹੁਸ਼ਿਆਰਪੁਰ ਮੈਡੀਕਲ ਕਾਲਜ ਦੀ ਉਸਾਰੀ ਨੂੰ ਅਮਲੀ ਜਾਮਾ ਪਹਿਨਾਇਆ: ਬ੍ਰਮ ਸ਼ੰਕਰ ਜਿੰਪਾ
Publish Date: Sun, 29 Nov 2026 03:49 PM (IST)
Updated Date: Mon, 30 Nov 2026 04:02 AM (IST)
ਪਿਛਲੀਆਂ ਸਰਕਾਰਾਂ ਸਿਰਫ਼ ਦਾਅਵੇ ਕਰਦੀਆਂ ਰਹੀਆਂ, ਮਾਨ ਸਰਕਾਰ ਨੇ ਸਾਰੀਆਂ ਰੁਕਾਵਟਾਂ ਦੂਰ ਕਰ ਕੇ ਸ਼ੁਰੂ ਕਰਵਾਇਆ ਕੰਮ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵੱਲੋਂ ਹੁਸ਼ਿਆਰਪੁਰ ਮੈਡੀਕਲ ਕਾਲਜ ਦੇ ਭੂਮੀ ਪੂਜਨ ਸਬੰਧੀ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਿਆਸੀ ਆਗੂਆਂ ਨੂੰ ਬਿਨਾਂ ਤੱਥਾਂ ਦੀ ਜਾਣਕਾਰੀ ਤੋਂ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਦਾ ਪ੍ਰੋਜੈਕਟ ਪਹਿਲਾਂ ਕਰੀਬ 550 ਕਰੋੜ ਰੁਪਏ ਦਾ ਸੀ, ਪਰ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਵੱਖ-ਵੱਖ ਥਾਵਾਂ ਦੀ ਬਜਾਏ ਇੱਕੋ ਕੈਂਪਸ ਵਿੱਚ ਬਣਾਉਣ ਦੇ ਫੈਸਲੇ ਨਾਲ ਇਸ ਦੀ ਲਾਗਤ ਘਟ ਕੇ ਲਗਭਗ 274.50 ਕਰੋੜ ਰੁਪਏ ਰਹਿ ਗਈ ਹੈ। ਇਸ ਨਾਲ ਵਿਦਿਆਰਥੀਆਂ, ਮਰੀਜ਼ਾਂ ਅਤੇ ਮੈਡੀਕਲ ਸਟਾਫ਼ ਨੂੰ ਵੀ ਵੱਡੀ ਸਹੂਲਤ ਮਿਲੇਗੀ। ਪ੍ਰੋਜੈਕਟ ਦੇ ਪਹਿਲੇ ਪੜਾਅ ਲਈ 41 ਕਰੋੜ 66 ਲੱਖ 66 ਹਜ਼ਾਰ 666 ਰੁਪਏ ਜਾਰੀ ਕੀਤੇ ਗਏ ਹਨ, ਜਿਸ ਵਿੱਚ ਪੰਜਾਬ ਸਰਕਾਰ ਦਾ 16 ਕਰੋੜ 66 ਲੱਖ 66 ਹਜ਼ਾਰ 666 ਰੁਪਏ ਦਾ ਹਿੱਸਾ ਵੀ ਸ਼ਾਮਲ ਹੈ। ਇਸ ਲਈ ਸਰਕਾਰ ਦੇ ਯੋਗਦਾਨ ਬਾਰੇ ਸਵਾਲ ਉਠਾਉਣਾ ਤੱਥਾਂ ਦੇ ਉਲਟ ਹੈ। ਪਿਛਲੀਆਂ ਸਰਕਾਰਾਂ ਮੈਡੀਕਲ ਕਾਲਜ ਦੇ ਨਾਂ ’ਤੇ ਸਿਰਫ਼ ਦਾਅਵੇ ਕਰਦੀਆਂ ਰਹੀਆਂ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੀਆਂ ਰੁਕਾਵਟਾਂ ਦੂਰ ਕਰ ਕੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਪ੍ਰੋਜੈਕਟ ਨਾਲ ਹੁਸ਼ਿਆਰਪੁਰ ਵਿੱਚ ਸਿਹਤ ਸਹੂਲਤਾਂ ਦੇ ਨਾਲ ਮੈਡੀਕਲ ਸਿੱਖਿਆ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਵਿਰੋਧੀ ਪਾਰਟੀਆਂ ਨੂੰ ਵਿਕਾਸ ਕਾਰਜਾਂ ’ਤੇ ਬੇਬੁਨਿਆਦ ਸਵਾਲ ਉਠਾਉਣ ਦੀ ਬਜਾਏ ਲੋਕ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ।